
ਮੁਲਾਜ਼ਮਾਂ ਨੂੰ ਪ੍ਰਸ਼ਾਸਨ ਵਲੋਂ ਨਹੀਂ ਦਿਤੀਆਂ ਗਈਆਂ ਪੀ.ਪੀ.ਈ. ਕਿੱਟਾਂ
ਪਟਿਆਲਾ, 2 ਮਈ (ਤੇਜਿੰਦਰ ਫ਼ਤਿਹਪੁਰ): ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਅੰਦਰ ਦਾਖਲ ਕੋਰੋਨਾ ਪੀੜਤ ਮਰੀਜ਼ਾਂ ਦੇ ਕਪੜੇ ਧੋਣ ਵਾਲੇ ਮੁਲਾਜ਼ਮਾਂ ਨੂੰ ਹੁਣ ਤਕ ਪੀ.ਪੀ.ਈ ਕਿੱਟਾਂ ਨਹੀਂ ਦਿਤੀਆਂ ਗਈਆਂ, ਜਿਸ ਦੇ ਚਲਦਿਆਂ ਲਾਂਡਰੀ ਵਿਚ ਕਪੜੇ ਧੋਣ ਵਾਲੇ ਮੁਲਾਜ਼ਮਾਂ ਨੂੰ ਅਪਣੀ ਜਾਨ ਖ਼ਤਰੇ ਵਿਚ ਪਾ ਕੇ ਡਿਊਟੀ ਕਰਨੀ ਪੈ ਰਹੀ ਹੈ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਦੇ ਜੱਦੀ ਸ਼ਹਿਰ ਪਟਿਆਲਾ ਵਿਚਲੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਇਕੋ ਇਕ ਲਾਂਡਰੀ ਹੈ, ਜਿੱਥੇ ਮਰੀਜ਼ਾਂ ਦੇ ਕਪੜੇ ਧੋਣ ਲਈ ਸਿਰਫ਼ 2 ਵੱਡੀਆਂ ਮਸ਼ੀਨਾਂ ਹਨ। ਇਨ੍ਹਾਂ ਦੋਵੇਂ ਮਸ਼ੀਨਾਂ ਵਿਚ ਆਮ ਮਰੀਜ਼ਾਂ ਦੇ ਕਪੜੇ, ਬੈੱਡ ਸ਼ੀਟਾਂ, ਚਾਦਰਾਂ ਧੋਈਆਂ ਜਾਂਦੀਆਂ ਹਨ ਅਤੇ ਇਨ੍ਹਾਂ ਮਸ਼ੀਨਾਂ ਵਿਚ ਹੀ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੇ ਕਪੜੇ ਧੋਤੇ ਜਾਂਦੇ ਹਨ।
ਕਪੜੇ ਧੋਣ ਵਾਲੇ ਮੁਲਾਜ਼ਮਾਂ ਨੇ ਦਸਿਆ ਕਿ ਉਨ੍ਹਾਂ ਨੂੰ ਨਾ ਤਾਂ ਪ੍ਰਸ਼ਾਸਨ ਵਲੋਂ ਪੀ.ਪੀ.ਈ. ਕਿੱਟਾਂ ਦਿਤੀਆਂ ਗਈਆਂ ਹਨ ਅਤੇ ਨਾ ਹੀ ਸਪੈਸ਼ਲ ਵੱਡੇ ਜੁੱਤੇ ਦਿਤੇ ਗਏ ਹਨ। ਲਾਂਡਰੀ ਦੇ ਮੁਲਾਜ਼ਮਾਂ ਨੇ ਦਸਿਆ ਕਿ ਉਨ੍ਹਾਂ ਨੂੰ ਸਿਰਫ਼ ਦਸਤਾਨੇ ਅਤੇ ਮਾਸਕ ਦਿਤੇ ਗਏ ਸਨ ਜਾਂ ਬਹੁਤ ਥੋੜ੍ਹੀ ਮਾਤਰਾ ਵਿਚ ਸੈਨੀਟਾਈਜ਼ਰ ਦਿਤਾ ਗਿਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਮਾਸਕ ਵੀ ਖ਼ਰਾਬ ਹੋ ਚੁੱਕੇ ਹਨ, ਸੈਨੀਟਾਈਜ਼ਰ ਮੁਕ ਚੁਕਿਆ ਹੈ ਅਤੇ ਉਹ ਬਿਨਾਂ ਪੀ.ਪੀ.ਈ. ਕਿੱਟਾਂ ਤੋਂ ਨੰਗੇ ਪੈਰੀਂ ਹੀ ਕਪੜੇ ਧੋਣ ਲਈ ਮਜਬੂਰ ਹਨ।
File photo
ਹੈਰਾਨੀ ਦੀ ਗੱਲ ਇਹ ਹੈ ਕਿ ਮੁੱਖ ਮੰਤਰੀ ਦੇ ਜੱਦੀ ਜ਼ਿਲ੍ਹੇ ਦਾ ਪ੍ਰਸ਼ਾਸਨ ਇਸ ਪ੍ਰਤੀ ਅਵੇਸਲਾ ਨਜ਼ਰ ਆ ਰਿਹਾ ਹੈ।
ਲਾਂਡਰੀ ਦੇ ਮੁਲਾਜ਼ਮਾਂ ਨੇ ਦਸਿਆ ਕਿ ਉਹ ਇਥੇ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੇ ਕਪੜੇ ਬਿਨਾਂ ਪੀ.ਪੀ.ਈ. ਕਿੱਟਾਂ ਤੋਂ ਨੰਗੇ ਪੈਰੀਂ ਹੀ ਧੋਂਦੇ ਹਨ, ਜਦਕਿ ਉਨ੍ਹਾਂ ਦੇ ਅਪਣੇ ਛੋਟੇ ਛੋਟੇ ਬੱਚੇ ਹਨ ਅਤੇ ਸ਼ਾਮ ਨੂੰ ਜਦੋਂ ਉਹ ਡਿਊਟੀ ਖ਼ਤਮ ਕਰਨ ਉਪਰੰਤ ਘਰ ਪਹੁੰਚਦੇ ਹਨ ਤਾਂ ਉਨ੍ਹਾਂ ਨੂੰ ਇਹ ਡਰ ਸਤਾਉਂਦਾ ਹੈ ਕਿ ਕਿਤੇ ਉਹ ਸਾਰੇ ਪ੍ਰਵਾਰ ਨੂੰ ਨਾ ਖ਼ਤਰੇ ਵਿਚ ਪਾ ਦੇਣ।
ਕੋਰੋਨਾ ਮਰੀਜ਼ਾਂ ਦੇ ਕਪੜੇ ਟਰੀਟਮੈਂਟ ਉਪਰੰਤ ਹੀ ਲਾਂਡਰੀ ਭੇਜੇ ਜਾਂਦੇ ਹਨ : ਮੈਡੀਕਲ ਸੁਪਰਡੈਂਟ
ਇਸ ਸਬੰਧੀ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਮੈਡੀਕਲ ਸੁਪਰਡੈਂਟ ਡਾ. ਪਾਰਸ ਪਾਂਡਵ ਦਾ ਕਹਿਣਾ ਹੈ ਕਿ ਕੋਰੋਨਾ ਮਰੀਜ਼ਾਂ ਦੇ ਸਾਰੇ ਕਪੜੇ ਸੋਡੀਅਮ ਹਾਈਪੋਕਲੋਰਾਈਟ ਵਿਚ ਡੁਬੋ ਕੇ ਟਰੀਟਮੈਂਟ ਕਰਨ ਉਪਰੰਤ ਹੀ ਲਾਂਡਰੀ ਭੇਜੇ ਜਾਂਦੇ ਹਨ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਲਾਂਡਰੀ ਦੇ ਮੁਲਾਜ਼ਮਾਂ ਨੂੰ ਪੀ.ਪੀ.ਈ. ਕਿੱਟਾਂ ਦੀ ਜ਼ਰੂਰਤ ਨਹੀਂ ਹੈ ਅਤੇ ਨਾ ਹੀ ਵੱਡੇ ਜੁੱਤਿਆਂ ਦੀ ਲੋੜ ਹੈ, ਇਸ ਤੋਂ ਇਲਾਵਾ ਸਾਰੇ ਮੁਲਾਜ਼ਮਾਂ ਨੂੰ ਮਾਸਕ, ਦਸਤਾਨੇ ਅਤੇ ਸੈਨੀਟਾਈਜ਼ਰ ਦਿਤਾ ਜਾਂਦਾ ਹੈ ਅਤੇ ਜਦੋਂ ਉਨ੍ਹਾਂ ਕੋਲ ਅਜਿਹਾ ਸਮਾਨ ਮੁੱਕ ਜਾਂਦਾ ਹੈ ਤਾਂ ਉਹ ਸਟੋਰ ਵਿਚੋਂ ਲੋੜ ਅਨੁਸਾਰ ਸਮਾਨ ਲੈ ਲੈਂਦੇ ਹਨ। ਉਨ੍ਹਾਂ ਕਿਹਾ ਕਿ ਹਦਾਇਤਾਂ ਅਨੁਸਾਰ ਹੀ ਸਾਰੇ ਮੁਲਾਜ਼ਮਾਂ ਨੂੰ ਸਮਾਨ ਦਿਤਾ ਜਾਂਦਾ ਹੈ।