
ਇਸ ਤੋਂ ਇਲਾਵਾ ਪਾਵਰ ਕਾਰਪੋਰੇਸ਼ਨ ਦੇ ਕਰਮਚਾਰੀਆਂ ਨੂੰ ਵੀ ਫਰੰਟਲਾਈਨ ਵਰਕਰਾਂ ਦੇ ਦਾਇਰੇ ਵਿਚ ਲਿਆਂਦਾ ਗਿਆ ਹੈ।
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਸੂਬੇ ਵਿਚ ਮਾਨਤਾ ਪ੍ਰਾਪਤ (ਐਕਰੀਡੇਟਿਡ) ਅਤੇ ਪੀਲੇ ਕਾਰਡ ਧਾਰਕ ਸਾਰੇ ਪੱਤਰਕਾਰਾਂ ਨੂੰ ਕੋਵਿਡ ਵਿਰੁੱਧ ਲੜਾਈ ਵਿਚ ਫਰੰਟਲਾਈਨ ਯੋਧਿਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਜਾਵੇਗਾ। ਸੂਬੇ ਵਿਚ ਬਿਜਲੀ ਨਿਗਮ ਦੇ ਸਾਰੇ ਮੁਲਾਜ਼ਮਾਂ ਨੂੰ ਵੀ ਫਰੰਟਲਾਈਨ ਵਰਕਰਾਂ ਦੇ ਦਾਇਰੇ ਹੇਠ ਲਿਆਂਦਾ ਗਿਆ ਹੈ।
Press
ਕੋਵਿਡ ਸਮੀਖਿਆ ਲਈ ਉਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪੱਤਰਕਾਰਾਂ ਸਮੇਤ ਇਹ ਮੁਲਾਜ਼ਮ ਪਹਿਲ ਦੇ ਆਧਾਰ ਉਤੇ ਟੀਕਾ ਲਵਾਉਣ ਸਣੇ ਉਨ੍ਹਾਂ ਸਾਰੇ ਲਾਭਾਂ ਲਈ ਯੋਗ ਹੋਣਗੇ, ਜੋ ਬਾਕੀ ਫਰੰਟਲਾਈਨ ਵਰਕਰ ਸੂਬਾ ਸਰਕਾਰ ਪਾਸੋਂ ਹਾਸਲ ਕਰਨ ਦੇ ਹੱਕਦਾਰ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਇਕ ਸਾਲ ਤੋਂ ਵੱਧ ਸਮੇਂ ਤੋਂ ਜ਼ਮੀਨੀ ਪੱਧਰ ਉਤੇ ਮਹਾਂਮਾਰੀ ਨਾਲ ਸਬੰਧਤ ਕਵਰੇਜ ਕਰਨ ਲਈ ਪੱਤਰਕਾਰ ਆਪਣੀ ਜਾਨ ਜੋਖਮ ਵਿਚ ਪਾ ਰਹੇ ਹਨ ਅਤੇ ਕੋਵਿਡ ਬਾਰੇ ਬਾਰੇ ਜਾਗਰੂਕਤਾ ਫੈਲਾਉਣ ਵਿਚ ਵੀ ਮਦਦ ਕਰ ਰਹੇ ਹਨ।
Captain Amarinder Singh
ਉਨ੍ਹਾਂ ਨੇ ਅੱਗੇ ਕਿਹਾ ਕਿ ਭਾਵੇਂ ਬਹੁਤੇ ਸੂਬਿਆਂ ਨੇ ਪੱਤਰਕਾਰਾਂ ਨੂੰ ਫਰੰਟਲਾਈਨ ਵਰਕਰਾਂ ਦੀ ਕੈਟਾਗਰੀ ਵਿਚ ਸ਼ਾਮਲ ਕਰਨ ਲਈ ਮੰਗ ਉਠਾਈ ਪਰ ਭਾਰਤ ਸਰਕਾਰ ਨੇ ਅਜੇ ਤੱਕ ਕੋਈ ਹੁੰਗਾਰਾ ਨਹੀਂ ਭਰਿਆ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪੱਤਰਕਾਰਾਂ ਦੀ ਸੁਰੱਖਿਆ ਦੇ ਨਾਲ-ਨਾਲ ਬਿਜਲੀ ਨਿਗਮ ਦੇ ਮੁਲਾਜ਼ਮਾਂ ਨੂੰ ਵੀ ਫਰੰਟਲਾਈਨ ਵਰਕਰਾਂ ਵਾਲੀ ਸ਼੍ਰੇਣੀ ਵਿਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ ਕਿਉਂ ਜੋ ਬਿਜਲੀ ਮੁਲਾਜ਼ਮ ਵੀ ਹਸਪਤਾਲਾਂ ਅਤੇ ਹੋਰ ਪ੍ਰਮੁੱਖ ਸੰਸਥਾਵਾਂ ਵਿਚ ਅਤਿ ਜ਼ਰੂਰੀ ਨਾਜੁਕ ਬਿਜਲੀ ਸਬੰਧੀ ਸੇਵਾਵਾਂ ਮੁਹੱਈਆ ਕਰਵਾਉਣ ਮੌਕੇ ਆਪਣੀ ਜਾਨ ਖ਼ਤਰੇ ਵਿਚ ਪਾ ਰਹੇ ਹਨ।