
ਕੈਬਨਿਟ ਮੰਤਰੀ ਨੇ ‘ਪਿੰਡਾਂ ਦੇ ਪਹਿਰੇਦਾਰ’ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਨਸ਼ਾ ਮੁਕਤ ਪੰਜਾਬ ਲਈ ਇਕਜੁੱਟਤਾ ਦੀ ਕੀਤੀ ਅਪੀਲ
Punjab News: ਪੰਜਾਬ ਦੇ ਪਾਣੀ ਅਤੇ ਜਵਾਨੀ ਬਚਾਉਣ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਸੂਬਾ ਸਰਕਾਰ ਨੇ ”ਯੁੱਧ ਨਸ਼ਿਆਂ ਵਿਰੁੱਧ” ਤਹਿਤ ਪੂਰੀ ਵਿਓਂਤਬੰਦੀ ਕੀਤੀ ਹੈ ਜਿਸ ਦੇ ਸਾਰਥਕ ਨਤੀਜੇ ਜਲਦ ਸਾਹਮਣੇ ਆਉਣਗੇ।
ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਪੰਜਾਬ ਦੇ ਸਕੂਲ ਸਿੱਖਿਆ, ਉਚੇਰੀ ਸਿੱਖਿਆ, ਤਕਨੀਕੀ ਸਿੱਖਿਆ ਅਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ ਨੇ ਰੂਪਨਗਰ ਜ਼ਿਲ੍ਹੇ ਦੇ ਮੋਰਿੰਡਾ ਵਿਖੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਚਲਾਏ ਜਾ ਰਹੇ “ਯੁੱਧ ਨਸ਼ਿਆਂ ਵਿਰੁੱਧ” (war On Drug) ਮੁਹਿੰਮ ਅਧੀਨ ਗਠਿਤ ਕਮੇਟੀਆਂ ‘ਪਿੰਡਾਂ ਦੇ ਪਹਿਰੇਦਾਰ’ ਦੇ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਕੀਤਾ।
ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਵਿੱਢੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜਿੱਥੇ ਪੁਲੀਸ ਵਲੋਂ ਨਸ਼ਿਆਂ ਦੀ ਸਪਲਾਈ ਚੇਨ ਤੋੜਨ ‘ਤੇ ਕੰਮ ਕੀਤਾ ਜਾ ਰਿਹਾ ਹੈ, ਓਥੇ ਸਿਹਤ ਵਿਭਾਗ ਰਾਹੀਂ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰਾਂ ਵਿਚ ਪੂਰੀਆਂ ਸਹੂਲਤਾਂ ਦੇ ਕੇ ਨੌਜਵਾਨਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਕੰਮ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਵਿਲੇਜ ਅਤੇ ਸ਼ਹਿਰਾਂ ਦੀਆਂ ਵਾਰਡ ਡਿਫੈਂਸ ਕਮੇਟੀਆਂ ਬਣਾ ਕੇ ਜਾਗਰੂਕਤਾ ਫੈਲਾਈ ਜਾ ਰਹੀ ਹੈ। ਮੁੜ ਵਸੇਬਾ ਕੇਂਦਰਾਂ ਵਿੱਚ ਯੋਗਾ, ਮੈਡੀਟੇਸ਼ਨ, ਖੇਡ ਗਤੀਵਿਧੀਆਂ ਕਾਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਸੁਪੋਰਟ ਗਰੁੱਪ ਵੀ ਬਣਾਏ ਜਾ ਰਹੇ ਹਨ ਜੋ ਨਸ਼ਾ ਕਰਨ ਵਾਲਿਆਂ ਨੂੰ ਨਸ਼ਾ ਛੁਡਾਉਣ ਵਿੱਚ ਮਦਦ ਕਰਨਗੇ।
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਵਾਲੀਆਂ ਤਾਕਤਾਂ ਨੂੰ ਹਰਾਉਣ ਲਈ ਜਨ-ਜਨ ਦਾ ਸਹਿਯੋਗ ਜ਼ਰੂਰੀ ਹੈ। ਉਨ੍ਹਾਂ ਮੌਜੂਦ ‘ਪਿੰਡਾਂ ਦੇ ਪਹਿਰੇਦਾਰਾਂ’ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਰਕਾਰ ਦੀ ਪਹਿਲੀ ਲਾਈਨ ਆਫ਼ ਡਿਫੈਂਸ ਹਨ।
ਉਨ੍ਹਾਂ ਕਿਹਾ ਕਿ ਹੁਣ ਸਾਡਾ ਟੀਚਾ ਹੈ ਕਿ ਨਸ਼ਿਆਂ ਵਿਰੁੱਧ ਇਹ ਮੁਹਿੰਮ ਹਰ ਘਰ ਤੱਕ ਪਹੁੰਚੇ। ਉਨ੍ਹਾਂ ਪਿਛਲੀਆਂ ਸਰਕਾਰਾਂ ‘ਤੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਵੱਲ ਧੱਕਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਸਰਕਾਰ ਇਸ ਦਾਗ ਨੂੰ ਮਿਟਾਉਣ ਲਈ ਪੂਰੀ ਤਰ੍ਹਾ ਵਚਨਬੱਧ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਪੰਜਾਬ ਪੁਲਿਸ ਨੂੰ ਪੂਰੀ ਤਾਕਤ ਦਿੰਦਿਆਂ ਹਦਾਇਤ ਕੀਤੀ ਗਈ ਹੈ ਕਿ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਕਿਸੇ ਵੀ ਹਾਲ ਵਿੱਚ ਬਖਸ਼ਿਆ ਨਾ ਜਾਵੇ।
ਕੈਬਨਿਟ ਮੰਤਰੀ ਬੈਂਸ ਨੇ ਪਾਣੀ ਦੇ ਮੁੱਦੇ ‘ਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਪੰਜਾਬ ਦੀ ਖੁਸ਼ਹਾਲੀ ਖੇਤੀਬਾੜੀ ‘ਤੇ ਨਿਰਭਰ ਹੈ, ਅਤੇ ਖੇਤੀਬਾੜੀ ਦਾ ਆਧਾਰ ਪਾਣੀ ਹੈ। ਪਰ ਕੇਂਦਰ ਸਰਕਾਰ ਦੀਆਂ ਨੀਤੀਆਂ ਪੰਜਾਬ ਦੇ ਪਾਣੀ ਨੂੰ ਖੋਹਣ ਦੀ ਡੂੰਘੀ ਸਾਜ਼ਿਸ਼ ਵੱਲ ਇਸ਼ਾਰਾ ਕਰ ਰਹੀਆਂ ਹਨ। ਇਨ੍ਹਾਂ ਨੀਤੀਆਂ ਕਾਰਨ ਪੰਜਾਬ ਦਾ ਕਿਸਾਨ ਪਹਿਲਾਂ ਹੀ ਅਸਹਿ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ, ਅਤੇ ਹੁਣ ਪੰਜਾਬ ਦੇ ਅਧਿਕਾਰਾਂ ‘ਤੇ ਖੁੱਲ੍ਹੀ ਲੁੱਟ ਹੋ ਰਹੀ ਹੈ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਵਿੱਚ ਪੰਜਾਬ ਦੇ ਹਰ ਪਿੰਡ ਤੱਕ ਨਾ ਸਿਰਫ਼ ਪੀਣ ਵਾਲਾ ਸਗੋਂ ਨਹਿਰਾਂ ਰਾਹੀਂ ਖੇਤੀ ਲਈ ਪਾਣੀ ਪਹੁੰਚਾਣਾ ਯਕੀਨੀ ਬਣਾਇਆ ਗਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਦੇ ਜਲ ਸੋਮਿਆਂ ਦੀ ਸੁਰੱਖਿਆ ਅਤੇ ਸੰਭਾਲ ਨੂੰ ਯਕੀਨੀ ਕਰਨ ਲਈ ਸਰਕਾਰ ਹਰ ਜ਼ਰੂਰੀ ਕਦਮ ਚੁੱਕੇਗੀ।
ਸਿੱਖਿਆ ਖੇਤਰ ਵਿੱਚ ਪਿਛਲੀਆਂ ਸਰਕਾਰਾਂ ਦੀ ਉਦਾਸੀਨਤਾ ਦਾ ਹਵਾਲਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਹਜ਼ਾਰਾਂ ਸਕੂਲਾਂ ਵਿੱਚ ਪਖਾਨੇ ਅਤੇ ਚਾਰਦੀਵਾਰੀ ਤੱਕ ਨਹੀਂ ਸੀ, ਜਿਸ ਦਾ ਹੁਣ ਹੱਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਿੱਖਿਆ ਕ੍ਰਾਂਤੀ ਰਾਹੀਂ ਸਰਕਾਰੀ ਸਕੂਲਾਂ ਨੂੰ ਹਰ ਆਧੁਨਿਕ ਸਹੂਲਤਾਂ ਦੇ ਕੇ ਅਗਾਂਹਵਧੂ ਬਣਾਇਆ ਗਿਆ ਹੈ।
ਇਸ ਮੌਕੇ ਹਲਕਾ ਚੱਬੇਵਾਲ ਤੋਂ ਵਿਧਾਇਕ ਡਾ. ਇਸ਼ਾਨ ਕੁਮਾਰ ਨੇ ਕਿਹਾ ਕਿ ਸਰਕਾਰ ਵਲੋਂ ਨੌਜਵਾਨੀ ਨੂੰ ਖੇਡਾਂ ਨਾਲ ਜੋੜਨ ਲਈ ਪੂਰੇ ਯਤਨ ਕੀਤੇ ਜਾ ਰਹੇ ਹਨ। ਹਰ ਜ਼ਿਲ੍ਹੇ ਵਿੱਚ ਖੇਡ ਨਰਸਰੀਆਂ ਬਣਾਈਆਂ ਜਾ ਰਹੀਆਂ ਹਨ ਤਾਂ ਜੋ ਸਾਰੀ ਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕੇ।
ਡਾ. ਚਰਨਜੀਤ ਸਿੰਘ ਨੇ ਕਿਹਾ ਕਿ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਅਧੀਨ ਪੰਜਾਬ ਸਰਕਾਰ ਇੱਕ ਨਿਰਣਾਇਕ ਜੰਗ ਲੜ ਰਹੀ ਹੈ ਅਤੇ ਕਿਸੇ ਵੀ ਹਾਲ ਵਿੱਚ ਨਸ਼ਾ ਤਸਕਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਖੁਸ਼ਹਾਲੀ ਲਈ ਸਾਨੂੰ ਸਭ ਨੂੰ ਇਕੱਠੇ ਕੰਮ ਕਰਨਾ ਹੋਵੇਗਾ। ਪਾਣੀ ਦੇ ਮੁੱਦੇ ‘ਤੇ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਹਮੇਸ਼ਾ ਪੰਜਾਬ ਦੇ ਹਿੱਤਾਂ ਦੀ ਅਣਦੇਖੀ ਕੀਤੀ ਹੈ, ਜਦਕਿ ਪੰਜਾਬ ਨੇ ਦੇਸ਼ ਦੀ ਸੁਰੱਖਿਆ ਅਤੇ ਵਿਕਾਸ ਵਿੱਚ ਅਗਾਂਹਵਧੂ ਭੂਮਿਕਾ ਨਿਭਾਈ ਹੈ। ਉਨ੍ਹਾਂ ਸਿੱਖਿਆ ਖੇਤਰ ਵਿੱਚ ਬੇਮਿਸਾਲ ਕੰਮ ਲਈ ਕੈਬਨਿਟ ਮੰਤਰੀ ਹਰਜੋਤ ਬੈਂਸ ਦੀ ਸ਼ਲਾਘਾ ਵੀ ਕੀਤੀ।
ਵਿਧਾਇਕ ਸ਼੍ਰੀ ਦਿਨੇਸ਼ ਚੱਢਾ ਨੇ ਕਿਹਾ ਕਿ ਲੋਕਾਂ ਦੇ ਭਲੇ ਲਈ ਸਰਕਾਰ ਵੱਲੋਂ ਕੋਈ ਕਸਰ ਨਹੀਂ ਛੱਡੀ ਜਾ ਰਹੀ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਨਸ਼ਿਆਂ ਦੇ ਖਾਤਮੇ ਲਈ ਵੱਡੇ ਪੱਧਰ ‘ਤੇ ਕਾਰਵਾਈ ਚੱਲ ਰਹੀ ਹੈ ਅਤੇ ਅੱਜ ਸਾਡੀ ਸਭ ਦੀ ਨੈਤਿਕ ਜਿੰਮੇਵਾਰੀ ਹੈ ਕਿ ਪਿੰਡ-ਪਿੰਡ ਤੱਕ ਇਹ ਸੁਨੇਹਾ ਪਹੁੰਚਾਈਏ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਵਰਜੀਤ ਸਿੰਘ ਵਾਲੀਆ, ਵਧੀਕ ਡਿਪਟੀ ਕਮਿਸ਼ਨਰ (ਵ) ਚੰਦਰਜਯੋਤੀ ਸਿੰਘ, ਆਈਏਐਸ ਅੰਡਰ ਟ੍ਰੇਨਿੰਗ ਅਭਿਮਿਨਯੂ ਮਲਿਕ, ਐੱਸਪੀ ਹੈਡਕਵਾਟਰ ਸ਼੍ਰੀ ਅਰਵਿੰਦ ਮੀਨਾ, ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ, ਮੁੱਖ ਮੰਤਰੀ ਫੀਲਡ ਅਫ਼ਸਰ ਜਸਜੀਤ ਸਿੰਘ, ਐੱਸਪੀ ਗੁਰਦੀਪ ਸਿੰਘ, ਐਸਡੀਐਮ ਰੂਪਨਗਰ ਸਚਿਨ ਪਾਠਕ, ਐਸਡੀਐਮ ਮੋਰਿੰਡਾ ਸੁਖਪਾਲ ਸਿੰਘ, ਐਸਡੀਐਮ ਸ੍ਰੀ ਅਨੰਦਪੁਰ ਸਾਹਿਬ ਜਸਪ੍ਰੀਤ ਸਿੰਘ, ਡੀਐਸਪੀ ਮਨਜੀਤ ਸਿੰਘ ਔਲਖ, ਡੀਐਸਪੀ ਜਤਿੰਦਰਪਾਲ ਸਿੰਘ, ਡੀਐਸਪੀ ਗੁਰਮੀਤ ਸਿੰਘ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਤੇ ਜ਼ਿਲ੍ਹਾ ਪ੍ਰਧਾਨ ਹਰਮਿੰਦਰ ਸਿੰਘ ਢਾਹੇ, ਚੇਅਰਮੈਨ ਕਮਿੱਕਰ ਸਿੰਘ ਡਾਢੀ, ਚੇਅਰਮੈਨ ਰਾਮ ਕੁਮਾਰ ਮੁਕਾਰੀ, ਚੇਅਰਮੈਨ ਭਾਗ ਸਿੰਘ ਮਦਾਨ, ਚੇਅਰਮੈਨ ਸ਼ਿਵ ਕੁਮਾਰ ਲਾਲਪੁਰਾ, ਚੇਅਰਮੈਨ ਐਨਪੀ ਰਾਣਾ, ਚੇਅਰਮੈਨ ਸਿਕੰਦਰ ਸਿੰਘ ਸਹੇੜੀ, ਹਲਕਾ ਕੋਆਰਡੀਨੇਟਰ ਹਰਪ੍ਰੀਤ ਸਿੰਘ ਕਾਹਲੋਂ, ਹਲਕਾ ਕੋਆਰਡੀਨੇਟਰ ਪ੍ਰਸ਼ੋਤਮ ਸਿੰਘ ਮਾਹਲ, ਹਲਕਾ ਕੋਆਰਡੀਨੇਟਰ ਅਵਤਾਰ ਸਿੰਘ ਕੁੰਨਰ, ਨਗਰ ਕੌਂਸਲ ਪ੍ਰਧਾਨ ਜਗਦੇਵ ਕੁਮਾਰ ਭਟੋਆ, ਬੀਰਦਵਿੰਦਰ ਸਿੰਘ ਬੱਲਾਂ ਤੋਂ ਇਲਾਵਾ ਹੋਰ ਉੱਚ ਅਧਿਕਾਰੀ ਅਤੇ ਪਤਵੰਤੇ ਸੱਜਣ ਹਾਜ਼ਰ ਸਨ।
(For more news apart from Harjot Bains spoke on eradicating drugs from Punjab News In Punjabi, stay tuned to Rozana Spokesman)