
ਖਹਿਰਾ ਤੇ ਮਾਨਸ਼ਾਹੀਆ ਨੂੰ ਸਪੀਕਰ ਨੇ 30 ਜੁਲਾਈ ਨੂੰ ਤਲਬ ਕੀਤਾ
ਚੰਡੀਗੜ੍ਹ : ਲੋਕ ਸਭਾ ਚੋਣਾਂ 'ਚ ਅਕਾਲੀ ਵਿਧਾਇਕ ਸੁਖਬੀਰ ਸਿੰਘ ਬਾਦਲ ਅਤੇ ਬੀ.ਜੇ.ਪੀ. ਵਿਧਾਇਕ ਸੋਮ ਪ੍ਰਕਾਸ਼ ਦੇ ਜਿੱਤਣ ਨਾਲ ਜਲਾਲਾਬਾਦ ਤੇ ²ਫਗਵਾੜਾ ਵਿਧਾਨ ਸਭਾ ਸੀਟਾਂ ਖ਼ਾਲੀ ਹੋ ਗਈਆਂ ਹਨ। ਫ਼ਿਰੋਜ਼ਪੁਰ ਲੋਕ ਸਭਾ ਸੀਟ ਤੋਂ ਜੇਤੂ ਰਹੇ ਸੁਖਬੀਰ ਬਾਦਲ ਦਾ ਅਸਤੀਫ਼ਾ 29 ਮਈ ਬੁੱਧਵਾਰ ਨੂੰ ਵਿਧਾਨ ਸਭਾ ਸਕੱਤਰੇਤ ਵਿਚ ਪਹੁੰਚ ਗਿਆ ਸੀ ਅਤੇ ਅਗਲੇ ਹੀ ਦਿਨ 30 ਮਈ ਨੂੰ ਨੋਟੀਫ਼ੀਕੇਸ਼ਨ ਜਾਰੀ ਕਰ ਕੇ ਜਲਾਲਾਬਾਦ ਸੀਟ ਖ਼ਾਲੀ ਹੋਣ ਬਾਰੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਚੋਣ ਕਮਿਸ਼ਨ ਨੂੰ ਲਿਖਤੀ ਸੂਚਨਾ ਭੇਜ ਦਿਤੀ।
Sukhbir Singh Badal
ਹੁਸ਼ਿਆਰਪੁਰ ਰਿਜ਼ਰਵ ਸੀਟ ਤੋਂ ਲੋਕ ਸਭਾ ਲਈ ਚੁਣੇ ਗਏ ਬੀ.ਜੇ.ਪੀ. ਦੇ ਫਗਵਾੜਾ ਵਿਧਾਇਕ ਸੋਮ ਪ੍ਰਕਾਸ਼ ਨੇ ਪੰਜਾਬ ਵਿਧਾਨ ਸਭਾ ਸਕੱਤਰੇਤ ਨੂੰ ਅਪਣਾ ਅਸਤੀਫ਼ਾ ਵੀ ਭੇਜ ਦਿਤਾ ਹੈ ਜੋ ਭਲਕੇ ਮਨਜ਼ੂਰ ਕਰ ਕੇ ਸਪੀਕਰ ਇਸ ਸੀਟ ਦੇ ਖ਼ਾਲੀ ਹੋਣ ਬਾਰੇ ਨੋਟੀਫ਼ੀਕੇਸ਼ਨ ਚੋਣ ਕਮਿਸ਼ਨ ਨੂੰ ਭੇਜ ਦੇਣਗੇ। ਜ਼ਿਕਰਯੋਗ ਹੈ ਕਿ ਸੁਖਬੀਰ ਬਾਦਲ, 2009, 2012 ਤੇ 2017 'ਚ ਜਲਾਲਾਬਾਦ ਸੀਟ ਤੋਂ ਵਿਧਾਨ ਸਭਾ ਲਈ ਚੁਣੇ ਗਏ ਸਨ। ਇਸੇ ਤਰ੍ਹਾਂ ਉਹ 1996, 1998 ਤੇ ਹੁਣ 2019 'ਚ ਲੋਕ ਸਭਾ ਲਈ ਚੁਣੇ ਗਏ ਅਤੇ 2001 ਤੋਂ 2004 ਤਕ ਰਾਜ ਸਭਾ 'ਚ ਮੈਂਬਰ ਰਹੇ ਹਨ।
Som Parkash
ਸੋਮ ਪ੍ਰਕਾਸ਼ 2007, 2012 ਤੇ 2017 'ਚ ਫ਼ਗਵਾੜਾ ਸੀਟ ਤੋਂ ਵਿਧਾਇਕ ਚੁਣੇ ਗਏ ਅਤੇ ਹੁਣ ਪਹਿਲੀ ਵਾਰ 2019 'ਚ ਹੁਸ਼ਿਆਰਪੁਰ ਤੋਂ ਐਮ.ਪੀ. ਬਣੇ ਹਨ। ਸਪੀਕਰ ਰਾਣਾ ਕੇ.ਪੀ. ਸਿੰਘ ਨੇ ਸੁਖਪਾਲ ਖਹਿਰਾ, ਨਾਜਰ ਸਿੰਘ ਮਾਨਸ਼ਾਹੀਆ ਨੂੰ 30 ਜੁਲਾਈ ਨੂੰ ਤਲਬ ਕੀਤਾ ਹੈ ਅਤੇ ਮਾਸਟਰ ਬਲਦੇਵ ਸਿੰਘ ਨੂੰ 20 ਅਗੱਸਤ ਨੂੰ ਪੇਸ਼ ਹੋਣ ਲਈ ਕਿਹਾ ਹੈ। ਭੁਲੱਥ ਵਿਧਾਨ ਸਭਾ ਸੀਟ ਤੋਂ 'ਆਪ' ਦੇ ਟਿਕਟ 'ਤੇ 2017 'ਚ ਚੁਣੇ ਗਏ ਸ. ਖਹਿਰਾ ਨੇ 'ਪੰਜਾਬ ਏਕਤਾ ਪਾਰਟੀ' ਬਣਾ ਕੇ ਬਠਿੰਡਾ ਲੋਕ ਸਭਾ ਸੀਟ ਤੋਂ ਚੋਣ ਲੜੀ, ਹਾਰ ਗਏ, ਪਹਿਲਾਂ ਹੀ ਅਸਤੀਫ਼ਾ ਦੇ ਚੁੱਕੇ ਹਨ। ਇਸੇ ਤਰ੍ਹਾਂ ਜੈਤੋ ਹਲਕੇ ਤੋਂ 'ਆਪ' ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਬਿਨਾਂ ਅਸਤੀਫ਼ਾ ਦਿਤਿਆਂ, 'ਪੰਜਾਬ ਏਕਤਾ ਪਾਰਟੀ ਦੀ ਟਿਕਟ 'ਤੇ ਫ਼ਰੀਦਕੋਟ ਰਿਜ਼ਰਵ ਲੋਕ ਸਭਾ ਸੀਟ ਤੋਂ ਚੋਣ ਲੜੀ ਪਰ ਹਾਰ ਗਏ।
Nazar Singh Manshahia
ਨਾਜਰ ਸਿੰਘ ਮਾਨਸ਼ਾਹੀਆ ਕਾਂਗਰਸ 'ਚ ਸ਼ਾਮਲ ਹੋ ਚੁੱਕੇ ਹਨ ਤੇ ਮਾਨਸਾ ਸੀਟ ਵੀ ਖ਼ਾਲੀ ਹੋ ਜਾਵੇਗੀ। ਰੋਪੜ ਤੋਂ ਆਪ ਵਿਧਾਇਕ ਅਮਰਜੀਤ ਸੰਦੋਆ ਵੀ ਕਾਂਗਰਸ 'ਚ ਜਾ ਚੁਕੇ ਹਨ ਪਰ ਉਨ੍ਹਾਂ ਨੇ ਅਸਤੀਫ਼ਾ ਨਹੀਂ ਦਿਤਾ। ਦਾਖਾ ਤੋਂ ਆਪ ਦੇ ਵਿਧਾਇਕ ਤੇ ਉਘੇ ਵਕੀਲ ਹਰਵਿੰਦਰ ਸਿੰਘ ਫੂਲਕਾ ਨੇ ਪਿਛਲੇ ਸਾਲ ਅਕਤੂਬਰ 'ਚ ਹੀ ਅਸਤੀਫ਼ਾ ਦੇ ਦਿਤਾ ਸੀ ਪਰ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਉਕਤ ਮਹੀਨੇ ਤੋਂ ਇਸ ਬਾਰੇ ਫ਼ੈਸਲਾ ਲਟਕਾਇਆ ਹੈ। ਸ. ਫੂਲਕਾ ਤਿੰਨ ਵਾਰ ਖ਼ੁਦ ਸਪੀਕਰ ਕੋਲ ਅਪਣੇ ਅਸਤੀਫ਼ੇ ਦੀ ਅਪੀਲ ਕਰ ਚੁਕੇ ਹਨ।