
ਝੋਨੇ ਦੇ ਮੁਲ ਵਿਚ 53 ਰੁਪਏ ਦਾ ਨਿਗੁਣਾ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ : ਧਰਮਸੋਤ
ਨਾਭਾ, 2 ਜੂਨ (ਬਲਵੰਤ ਹਿਆਣਾ) : ਪੰਜਾਬ ਦੇ ਕੈਬਨਿਟ ਮੰਤਰੀ ਸ੍ਰ. ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਝੋਨੇ ਦੇ ਮੁੱਲ ਵਿੱਚ ਜੋ 53 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਹੈ, ਉਹ ਕਿਸਾਨਾਂ ਨਾਲ ਕੋਝਾ ਮਜਾਕ ਹੈ।
ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਕਿਸਾਨਾਂ ਦੇ ਖੇਤੀ ਖਰਚੇ ਦਿਨੋਂ ਦਿਨ ਵਧਦੇ ਜਾ ਰਹੇ ਹਨ, ਖੇਤੀ ਮਸ਼ੀਨਰੀ ਤੋਂ ਲੈ ਕੇ ਖੇਤੀ ਨਾਲ ਸਬੰਧਿਤ ਹਰ ਸਮਾਨ ਮਹਿੰਗਾ ਹੋ ਰਿਹਾ ਹੈ। ਦੂਜੇ ਪਾਸੇ ਕੇਂਦਰ ਸਰਕਾਰ ਵਲੋਂ ਕਿਸਾਨਾਂ ਨੂੰ ਫਸਲਾਂ ਦਾ ਉਚਿਤ ਭਾਅ ਨਹੀਂ ਦਿਤਾ ਜਾ ਰਿਹਾ। ਹੁਣ ਕੇਂਦਰ ਸਰਕਾਰ ਨੇ ਜੇ ਕਿਸਾਨਾਂ ਦੀ ਮੰਗ ਨੂੰ ਮੰਨਦਿਆਂ ਝੋਨੇ ਦੇ ਮੁੱਲ ਵਿਚ 53 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਹੈ ਤਾਂ ਇਹ ਵਾਧਾ ਕਾਫ਼ੀ ਘੱਟ ਹੈ।
ਉਹਨਾਂ ਕਿਹਾ ਕਿ ਕਿਸਾਨਾਂ ਲਈ ਖੇਤੀ ਘਾਟੇ ਦਾ ਸੌਦਾ ਬਣ ਗਈ ਹੈ, ਇਸੇ ਲਈ ਕਿਸਾਨਾਂ ਦੇ ਬੱਚੇ ਖੇਤੀ ਤੋਂ ਮੂੰਹ ਮੋੜ ਰਹੇ ਹਨ। ਕਿਸਾਨਾਂ ਦੀਆਂ ਫਸਲਾਂ ਦੇ ਜੋ ਭਾਅ ਕੇਂਦਰ ਸਰਕਾਰ ਵ ਲੋਂ ਦਿਤੇ ਜਾ ਰਹੇ ਹਨ, ਉਸ ਨਾਲ ਤਾਂ ਕਿਸਾਨਾਂ ਦੇ ਖਰਚੇ ਵੀ ਪੂਰੇ ਨਹੀਂ ਹੋ ਰਹੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਕਿਸਾਨਾਂ ਦੇ ਨਾਲ ਖੜੀ ਹੈ।