
ਕਿਹਾ- ਆਉਣ ਵਾਲੇ ਸਮੇਂ ਵਿਚ ਪੰਜਾਬ ਨੂੰ ਵਧੀਆ ਸੇਧ ਦੇ ਸਕਦੀ ਹੈ ਭਾਜਪਾ
ਬਠਿੰਡਾ: ਹਲਕਾ ਬਠਿੰਡਾ ਸ਼ਹਿਰੀ ਤੋਂ ਵਿਧਾਇਕ ਰਹੇ ਸਰੂਪ ਚੰਦ ਸਿੰਗਲਾ ਭਲਕੇ ਭਾਜਪਾ ਵਿਚ ਸ਼ਾਮਲ ਹੋਣ ਜਾ ਰਹੇ ਹਨ। ਇਸ ਦੀ ਜਾਣਕਾਰੀ ਉਹਨਾਂ ਨੇ ਖੁਦ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਦੌਰਾਨ ਦਿੱਤੀ। ਸਰੂਪ ਚੰਦ ਸਿੰਗਲਾ ਵੱਲੋਂ ਚਾਰ ਜੂਨ ਨੂੰ ਚੰਡੀਗੜ੍ਹ ਵਿਖੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੌਮੀ ਪ੍ਰਧਾਨ ਜੇਪੀ ਨੱਡਾ ਦੀ ਹਾਜ਼ਰੀ ਵਿਚ ਭਾਜਪਾ ਜੁਆਇਨ ਕਰਨਗੇ।
ਗੱਲਬਾਤ ਦੌਰਾਨ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਮੈਨੂੰ ਹਰਾਉਣ ਲਈ ਸ਼ਰ੍ਹੇਆਮ ਮਨਪ੍ਰੀਤ ਬਾਦਲ ਦੀ ਮਦਦ ਕੀਤੀ। ਇਸ ਤੋਂ ਸਾਫ਼ ਜ਼ਾਹਰ ਹੈ ਕਿ ਬਾਦਲ ਪਰਿਵਾਰ ਇਕ ਹੈ ਅਤੇ ਸਮੇਂ-ਸਮੇਂ ਅਨੁਸਾਰ ਅਕਾਲੀ ਦਲ ਕਾਂਗਰਸ ਅਤੇ ਕਾਂਗਰਸ ਅਕਾਲੀ ਦਲ ਦੀ ਮਦਦ ਕਰਦਾ ਰਿਹਾ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਖਾਸਮ ਖਾਸ ਵਿਅਕਤੀਆਂ ਵੱਲੋਂ ਬਠਿੰਡਾ ਵਿਚ ਉਹਨਾਂ ਦੇ ਵਿਰੋਧੀ ਕਾਂਗਰਸ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਦੀ ਸ਼ਰ੍ਹੇਆਮ ਮਦਦ ਕੀਤੀ ਗਈ।
ਉਹਨਾਂ ਨੇ ਹੁਣ ਭਾਜਪਾ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਲਿਆ ਗਿਆ। ਉਹਨਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੋਕ ਹਿੱਤ ਵਿਚ ਲਏ ਫ਼ੈਸਲਿਆਂ ਕਾਰਨ ਅੱਜ ਹਰ ਵਰਗ ਖੁਸ਼ ਹੈ ਤੇ ਉਹਨਾਂ ਨੂੰ ਉਮੀਦ ਹੈ ਕਿ ਉਹ ਭਾਜਪਾ ਵਿਚ ਸ਼ਾਮਲ ਹੋ ਕੇ ਆਪਣੇ ਰਾਜਨੀਤੀ ਰਾਹੀਂ ਸੇਵਾ ਕਰਨ ਦੇ ਸੁਪਨੇ ਨੂੰ ਪੂਰਾ ਕਰਨਗੇ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਸਿਰਫ਼ ਭਾਜਪਾ ਹੀ ਪੰਜਾਬ ਨੂੰ ਵਧੀਆ ਸੇਧ ਦੇ ਸਕਦੀ ਹੈ। ਦੱਸ ਦੇਈਏ ਕਿ 2022 ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਲੜਨ ਵਾਲੇ ਸਰੂਪ ਚੰਦ ਸਿੰਗਲਾ ਨੇ ਚੋਣ ਹਾਰਨ ਤੋਂ ਬਾਅਦ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਸੀ।