
ਸਹੁਰੇ ਪ੍ਰਵਾਰ 'ਤੇ ਲੱਗੇ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ
ਲੁਧਿਆਣਾ : ਪਤੀ ਅਤੇ ਸਹੁਰੇ ਪ੍ਰਵਾਰ ਵਲੋਂ ਕਥਿਤ ਤੌਰ 'ਤੇ ਕੁੱਟਮਾਰ ਅਤੇ ਤੰਗ ਕਰਨ ਤੋਂ ਦੁਖੀ ਵਿਆਹੁਤਾ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਮਿਨਾਕਸ਼ੀ ਵਜੋਂ ਹੋਈ ਹੈ ਜਿਸ ਦੀ ਉਮਰ 37 ਸਾਲ ਦੱਸੀ ਜਾ ਰਹੀ ਹੈ।
ਮ੍ਰਿਤਕ ਮੀਨਾਕਸ਼ੀ ਦੇ ਪਿਤਾ ਅਸ਼ੋਕ ਕੁਮਾਰ ਮੁਤਾਬਕ ਉਨ੍ਹਾਂ ਨੇ ਅਪਣੀ ਧੀ ਦਾ ਵਿਆਹ ਕਰੀਬ ਪੰਜ ਸਾਲ ਪਹਿਲਾਂ ਨਿਊ ਸ਼ਕਤੀ ਨਗਰ ਦੇ ਰਹਿਣ ਵਾਲੇ ਬਿੱਟੂ ਵਰਮਾ ਨਾਲ ਕੀਤਾ ਸੀ। ਵਿਆਹ ਤੋਂ ਕੁੱਝ ਸਮਾਂ ਬਾਅਦ ਹੀ ਸਹੁਰੇ ਪ੍ਰਵਾਰ ਵਲੋਂ ਦਾਜ ਦੀ ਮੰਗ ਕੀਤੀ ਜਾਂਦੀ ਅਤੇ ਮੀਨਾਕਸ਼ੀ ਦੀ ਕੁੱਟਮਾਰ ਕਰਨ ਲੱਗ ਗਏ। ਉਨ੍ਹਾਂ ਦਸਿਆ ਕਿ ਉਨ੍ਹਾਂ ਦੀ ਧੀ ਕੋਲ ਇਕ ਪੁੱਤ ਵੀ ਸੀ ਪਰ ਪੁੱਤਰ ਹੋਣ ਮਗਰੋਂ ਵੀ ਮੀਨਾਕਸ਼ੀ ਨਾਲ ਦੁਰਵਿਵਹਾਰ ਹੀ ਹੁੰਦਾ ਰਿਹਾ।
ਇਹ ਵੀ ਪੜ੍ਹੋ: ਭਗਵੰਤ ਮਾਨ ਸਰਕਾਰ ਵਲੋਂ ਸਰਹੱਦੀ ਜ਼ਿਲ੍ਹਿਆਂ 'ਚ ਤਾਇਨਾਤ ਅਧਿਆਪਕਾਂ ਨੂੰ ਤਬਾਦਲਾ ਕਰਵਾਉਣ ਲਈ ਵਿਸ਼ੇਸ਼ ਮੌਕਾ ਦੇਣ ਦਾ ਫ਼ੈਸਲਾ: ਹਰਜੋਤ ਸਿੰਘ ਬੈਂਸ
ਮ੍ਰਿਤਕ ਦੇ ਪੇਕੇ ਪ੍ਰਵਾਰ ਅਨੁਸਾਰ 30 ਮਈ ਨੂੰ ਵੀ ਉਸਦੇ ਪਤੀ, ਦਿਉਰ ਅਤੇ ਸੱਸ ਨੇ ਕੁੱਟਮਾਰ ਕੀਤੀ। ਸਹੁਰੇ ਪ੍ਰਵਾਰ ਦੇ ਇਸ ਵਰਤਾਰੇ ਤੋਂ ਮੀਨਾਕਸ਼ੀ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ ਜਿਸ ਦੇ ਚਲਦੇ ਉਸ ਨੇ ਜ਼ਹਿਰੀਲੀ ਚੀਜ਼ ਖਾ ਲਈ। ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੇ ਮੀਨਾਕਸ਼ੀ ਨੂੰ ਮ੍ਰਿਤਕ ਐਲਾਨ ਦਿਤਾ ਗਿਆ।
ਮੀਨਾਕਸ਼ੀ ਦੇ ਪਿਤਾ ਅਸ਼ੋਕ ਕੁਮਾਰ ਵਾਸੀ ਨਿਊ ਕਰਮਸਰ ਕਲੋਨੀ ਦੇ ਬਿਆਨ 'ਤੇ ਮ੍ਰਿਤਕਾ ਦੇ ਮੁਲਜ਼ਮ ਪਤੀ ਬਿੱਟੂ ਵਰਮਾ, ਦਿਉਰ ਰਮਨ ਅਤੇ ਸੱਸ ਰਾਮ ਮੂਰਤੀ ਵਿਰੁਧ ਆਤਮ ਹਤਿਆ ਲਈ ਮਜਬੂਰ ਕਰਨ ਦੇ ਦੋਸ਼ 'ਚ ਪਰਚਾ ਦਰਜ ਕਰ ਕੇ ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।