
ਵਿਰਸਾ ਸੰਭਾਲ ਸੁਸਾਇਟੀ ਦੇ ਪ੍ਰਧਾਨ ਜਥੇ: ਗੁਰਮੀਤ ਸਿੰਘ ਚੀਚਾ ਦੀ ਪ੍ਰਧਾਨਗੀ ਹੇਠ ਇਕ ਜ਼ਰੂਰੀ ਮੀਟਿੰਗ ਹੋਈ......
ਅੰਮ੍ਰਿਤਸਰ : ਵਿਰਸਾ ਸੰਭਾਲ ਸੁਸਾਇਟੀ ਦੇ ਪ੍ਰਧਾਨ ਜਥੇ: ਗੁਰਮੀਤ ਸਿੰਘ ਚੀਚਾ ਦੀ ਪ੍ਰਧਾਨਗੀ ਹੇਠ ਇਕ ਜ਼ਰੂਰੀ ਮੀਟਿੰਗ ਹੋਈ ਜਿਸ ਵਿਚ ਸਰਪੰਚੀ ਦੀਆਂ ਚੋਣਾਂ ਸਮੇਂ ਵੋਟਾਂ ਦੇ ਬਾਈਕਾਟ ਨੂੰ ਲੈ ਕੇ ਸ਼ਹੀਦ ਪਰਵਾਰਾਂ ਦੇ ਵਾਰਸਾਂ ਤੇ ਬੁਧੀਜੀਵੀਆਂ ਵਲੋਂ ਫ਼ੈਸਲਾ ਕੀਤਾ ਗਿਆ ਕਿ ਜੇਕਰ ਚੋਣਾਂ ਤੋਂ ਪਹਿਲਾਂ ਨਕਲੀ ਪਿੰਡ ਚੀਚਾ ਨੂੰ ਭੰਗ ਨਾ ਕੀਤਾ ਗਿਆ ਤਾਂ ਉਹ ਹਿੰਦ-ਪਾਕਿ ਬੱਸ ਰੋਕ ਕੇ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ ਅਤੇ ਨਾਲ ਹੀ ਜਥੇ: ਚੀਚਾ ਵਲੋਂ ਰਾਸ਼ਟਰ ਸਰਜਨ ਐਵਾਰਡ 2017 ਵੀ ਸਰਕਾਰ ਨੂੰ ਵਾਪਸ ਦੇਣਗੇ।
ਉਨ੍ਹਾਂ ਦਸਿਆ ਕਿ ਸ਼ਹੀਦ ਬਾਬਾ ਨੋਧ ਸਿੰਘ ਅਤੇ ਚੀਚਾ ਦੇ ਸਮੂਹ 15 ਕੁਰਬਾਨੀਆਂ ਦੇਣ ਵਾਲੇ ਪਰਵਾਰਾਂ ਨਾਲ ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਪਿਛਲੇ 12-13 ਸਾਲਾਂ ਤੋਂ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ, ਉਹ ਕੇਵਲ ਰਾਤ ਪਈ ਤੇ ਬਾਤ ਗਈ ਦੀ ਕਹਾਵਤ ਵਾਂਗ ਸਿੱਧ ਹੋ ਰਿਹਾ ਹੈ। ਉਨ੍ਹਾਂ ਦਸਿਆ ਕਿ ਸੰਨ 2007 ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 14-15 ਸ਼ਹੀਦਾਂ ਦੇ ਪਿੰਡਾਂ ਨੂੰ ਸੁੰਦਰ ਬਣਾਏ ਜਾਣ ਅਤੇ ਇਕ-ਇਕ ਕਰੋੜ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਸੀ, ਪਰ ਇਸ ਵਿਚ ਸ਼ਹੀਦਾਂ ਦੇ ਪਿੰਡ ਚੀਚਾ ਦਾ ਨਾਂ ਦਰਜ ਨਹੀ ਸੀ,
ਪਰ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੇ ਪੇਸ਼ ਹੋ ਕੇ ਚੀਚਾ ਦਾ ਨਾਮ ਉਸ ਲਿਸਟ ਵਿਚ ਦਰਜ ਕਰਵਾ ਦਿਤਾ, ਉਪਰੰਤ 2007 ਦੀਆਂ ਚੋਣਾਂ ਨਜ਼ਦੀਕ ਆਉਣ 'ਤੇ ਚੋਣ ਜ਼ਾਬਤਾ ਲੱਗਣ ਕਾਰਨ ਇਤਿਹਾਸਕ ਪਿੰਡ ਚੀਚਾ ਦਾ ਮਸਲਾ ਵਿਚੇ ਹੀ ਰਹਿ ਗਿਆ। ਉਸ ਸਮੇਂ ਕਾਂਗਰਸ ਦਾ ਤਖ਼ਤਾ ਪਲਟੇ ਜਾਣ ਪਿੱਛੋ ਉਕਤ ਮਾਮਲਾ ਉਸ ਵੇਲੇ ਹਲਕੇ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਜਥੇ: ਗੁਲਜ਼ਾਰ ਸਿੰਘ ਰਣੀਕੇ ਅੱਗੇ ਰਖਿਆ ਗਿਆ, ਪਰ ਡੁਪਲੀਕੇਟ ਚੀਚਾ ਨੌਧ ਸਿੰਘ ਦੇ ਮੌਜੂਦਾ ਅਕਾਲੀ ਸਰਪੰਚ ਵਲੋਂ ਸ਼ਰੇਆਮ ਸ਼ਹੀਦ ਪਰਵਾਰਾਂ ਨੂੰ ਕਾਂਗਰਸੀ ਦਸਣ 'ਤੇ ਜਥੇ: ਰਣੀਕੇ ਨੇ ਕੋਈ ਵਿਸ਼ੇਸ਼ ਧਿਆਨ ਨਹੀਂ ਦਿਤਾ।
ਜਥੇ: ਚੀਚਾ ਨੇ ਅੱਗੇ ਦਸਿਆ ਕਿ ਅਫ਼ਸੋਸ ਕਿ ਸ਼ਹੀਦਾਂ ਦੇ ਇਕ ਅਸਲੀ ਤੇ ਦੂਸਰਾ ਨਕਲੀ ਚੀਚਾ ਦੋਵਾਂ ਹੀ ਪਿੰਡਾਂ ਦੇ ਅਕਾਲੀ ਸਰਪੰਚਾਂ ਤੇ ਪੰਚਾਇਤਾਂ ਵਿਚੋਂ ਕਿਸੇ ਇਕ ਵਲੋਂ ਹਾਮੀ ਨਾ ਭਰਨ ਤੇ ਪਿੰਡ ਚੀਚਾ ਦਾ ਮਸਲਾ ਸਰਕਾਰ ਦੇ ਠੰਡੇ ਬਸਤੇ ਵਿਚ ਪੈ ਗਿਆ।