
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਸਪਸ਼ਟ ਸ਼ਬਦਾਂ ਵਿਚ ਕਿਹਾ
ਚੰਡੀਗੜ੍ਹ, 2 ਜੁਲਾਈ (ਨੀਲ ਭਲਿੰਦਰ ਸਿੰਘ) : ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਸਪਸ਼ਟ ਸ਼ਬਦਾਂ ਵਿਚ ਕਿਹਾ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਅਤੇ ਅਜਾਦ ਪੰਥਕ ਸੋਚ ਤਹਿਤ ਪੰਥ ਅਤੇ ਪੰਜਾਬ ਦੇ ਭਲੇ ਲਈ ਹਰੇਕ ਤਰ੍ਹਾਂ ਦਾ ਤਿਆਗ ਕਰਨ ਲਈ ਤਿਆਰ ਹਨ। ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਸੀਨੀਅਰ ਅਕਾਲੀ ਨੇਤਾ ਸ. ਸੁਖਦੇਵ ਸਿੰਘ ਢੀਂਡਸਾ, ਡਾ. ਰਤਨ ਸਿੰਘ ਅਜਨਾਲਾ, ਰਵੀਇੰਦਰ ਸਿੰਘ, ਪਰਮਜੀਤ ਸਿੰਘ ਸਰਨਾ, ਮਨਜੀਤ ਸਿੰਘ ਜੀ ਕੇ ਵਰਗੇ ਕਈ ਟਕਸਾਲੀ ਪਰਵਾਰਾਂ ਨਾਲ ਸਬੰਧਤ ਆਗੂਆਂ ਤੇ ਵਰਕਰਾਂ ਨਾਲ ਲਗਾਤਾਰ ਤਾਲਮੇਲ ਬਿਠਾ ਕੇ ਟਕਸਾਲੀ ਸੋਚ ਨੂੰ ਇਕੱਠਿਆਂ ਕਰਨ ਦਾ ਚਾਹਵਾਨ ਰਿਹਾ ਹੈ।
Ranjit Singh Brahmpura
ਉਨ੍ਹਾਂ ਕਿਹਾ ਸ. ਢੀਂਡਸਾ ਸਮੇਤ ਬਾਕੀ ਅਕਾਲੀ ਨੇਤਾਵਾਂ ਅਤੇ ਪੰਜਾਬ ਹਿਤੈਸ਼ੀਆਂ ਨਾਲ ਮਿਲ ਬੈਠ ਕੇ ਪੰਜਾਬ ਵਿਚ ਸਾਫ਼ ਸਪਸ਼ਟ ਤੀਜੀ ਧਿਰ ਬਣਾਉਣ ਦੇ ਚਾਹਵਾਨ ਹਾਂ। ਇਸ ਧਿਰ ਦੇ ਸਾਂਝੇ ਪਲੇਟਫ਼ਾਰਮ ਤੋਂ ਕਾਂਗਰਸ ਅਕਾਲੀ ਦਲ ਬਾਦਲ ਦੀਆਂ ਗ਼ਲਤ ਨੀਤੀਆਂ ਵਿਰੁਧ ਜੱਦੋ-ਜਹਿਦ ਹੋਰ ਤੇਜ਼ ਕੀਤੀ ਜਾਵੇਗੀ।
ਉਨ੍ਹਾਂ ਇਹ ਵੀ ਸਪੱਸਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਪੂਰੀ ਤਰ੍ਹਾਂ ਸਰਗਰਮ ਹੈ ਇਸ ਦਲ ਨੂੰ ਭੰਗ ਕਰਨਾ ਜਾਂ ਕੋਈ ਹੋਰ ਦਲ ਬਣਾਉਣ ਵਰਗੀਆਂ ਕਿਆਸਰਾਈਆਂ ਮੀਡੀਆ ਦੇ ਇਕ ਹਿੱਸੇ ਦੀ ਬੇਬੁਨਿਆਦ ਮਨਘੜਤ ਉਪਜ ਸੀ।
ਉਨ੍ਹਾਂ ਕਿਹਾ ਕਿ ਢੀਂਡਸਾ ਨਾਲ ਏਕਤਾ ਸਬੰਧੀ ਜੋ ਵਿਚਾਰਾਂ ਹੋਈਆਂ ਉਨ੍ਹਾਂ ਵਿਚ ਦਲੀਲਪੂਰਵਕ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਹੋਂਦ ਹਸਤੀ ਨੂੰ ਬਰਕਰਾਰ ਰੱਖਣ ਦੇ ਮੁੱਖ ਕਾਰਨ ਕੋਈ ਹਾਊਮੇ ਹੰਕਾਰ ਜਾਂ ਅੜੀ ਜਾਂ ਸ਼ਰਤ ਨਹੀਂ ਬਲਕਿ ਸਿਧਾਂਤਕ ਪਹਿਲੂ ਹੈ ਕਿ ਪੰਜਾਬ ਅੰਦਰ ਜਿੰਨੇ ਵੀ ਅਕਾਲੀ ਅਕਾਲੀ ਦਲ ਬਣੇ ਹੋਏ ਹਨ ਉਹ ਵਿਅਕਤੀਗਤ ਨਾਵਾਂ ਨਾਲ ਹੀ ਪ੍ਰਚਲਿਤ ਹਨ ਜਦਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਾਹਦ ਇੱਕੋ-ਇਕ ਜਥੇਬੰਦੀ ਹੈ ਜੋ ਸ਼੍ਰੋਮਣੀ ਅਕਾਲੀ ਦਲ ਦੀ ਮੂਲ ਭਾਵਨਾ ਨੂੰ ਦਰਸਾਉਂਦੀ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਜਦ ਕਿਸੇ ਜਥੇਬੰਦੀ ਦਾ ਪ੍ਰਧਾਨ ਬਦਲਿਆ ਜਾਦਾ ਹੈ ਤਾਂ ਜਥੇਬੰਦਕ ਢਾਂਚੇ ਦਾ ਪੁਨਰਗਠਨ ਵੀ ਨਾਲ ਹੀ ਹੁੰਦਾ ਹੈ ਇਸ ਕਰ ਕੇ ਅਜਿਹੀ ਕੋਈ ਸ਼ਰਤ ਨਹੀਂ। ਮੈਂ ਅਜਿਹੀਆ ਖਬਰਾਂ ਦਾ ਸਖ਼ਤੀ ਨਾਲ ਖੰਡਨ ਕਰਦਾ ਹਾਂ ਜਿਸ ਵਿਚ ਮੇਰੇ ਜਾਂ ਮੇਰੇ ਸਾਥੀਆਂ ਵਲੋਂ ਕੋਈ ਅੜੀਅਲ ਵਤੀਰਾ ਧਾਰਨ ਕਰਨ ਬਾਰੇ ਕਿਹਾ ਗਿਆ ਹੈ। ਮੈਂ ਪੰਥਕ ਏਕਤਾ ਨੂੰ ਸਮਰਪਤ ਹਾਂ। ਇਸ ਏਕਤਾ ਲਈ ਬਹੁਤ ਹੀ ਸੋਚਵਾਨ ਸਿੱਖ ਵਿਦਿਵਾਨਾਂ ਦੀ ਰਾਏ ਨਾਲ ਮਜਬੂਤ ਹੱਲ ਕਢਿਆ ਜਾਵੇ।