
ਬਾਦਲਾਂ ਵਿਰੁਧ ਨਵੀਂ ਪਾਰਟੀ ਬਣਾਉਣ ਵਾਲਿਆਂ ’ਚ ਮਿਸ਼ਨਰੀ ਸਪਿਰਟ ਦੀ ਘਾਟ ਰੜਕੀ
ਅੰਮਿ੍ਰਤਸਰ 2 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ) : ਪੰਥ ਨੂੰ ਇਸ ਵੇਲੇ ਬਾਦਲਾਂ ਨਾਲ ਟੱਕਰ ਵਾਲੇ ਪ੍ਰਭਾਵਸ਼ਾਲੀ ਨੇਤਾ ਦੀ ਜ਼ਰੂਰਤ ਹੈ। ਬਾਦਲਾਂ ਵਿਰੁਧ ਨਵੇਂ ਬਣ ਰਹੇ ਸ਼੍ਰੋਮਣੀ ਅਕਾਲੀ ਦਲ ਵਿਚ ਵੀ ਮਤਭੇਦ ਸਾਹਮਣੇ ਆ ਗਏ ਹਨ ਜੋ ਸਿੱਖ ਹਲਕਿਆਂ ’ਚ ਚਰਚਾ ਦਾ ਵਿਸ਼ਾ ਬਣ ਰਹੇ ਹਨ। ਮਿਲੇ ਵੇਰਵਿਆਂ ਮੁਤਾਬਕ ਬਾਦਲ ਵਿਰੋਧੀ ਦਲਾਂ ਦੇ ਵਡੇਰੀ ਉਮਰ ਦੀ ਲੀਡਰਸ਼ਿਪ ਵਿਚ ਅਜੇ ਵੀ ਪ੍ਰਧਾਨ ਬਣਨ ਦੀ ਲਾਲਸਾ ਵੱਡੇ ਬਾਦਲ ਵਾਂਗ ਹੈ, ਜਿਸ ਦੀ ਮਿਸਾਲ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹੁਮਪੁਰਾ ਦੀ ਹੈ, ਜਿਨ੍ਹਾਂ ਨੇ ਪਾਰਟੀ ਭੰਗ ਕਰਨ ਦੀ ਥਾਂ ਸੁਖਦੇਵ ਸਿੰਘ ਢੀਂਡਸਾ ਨੂੰ ਇਸ ਦਾ ਪ੍ਰਧਾਨ ਬਣਨ ਦੀ ਪੇਸ਼ਕਸ਼ ਕਰਨ ਉਪਰੰਤ ਅੱਜ ਬਿਆਨ ਜਾਰੀ ਕਰ ਦਿਤਾ ਹੈ ਕਿ ਉਨ੍ਹਾਂ ਕੋਈ ਸ਼ਰਤ ਨਹੀਂ ਰੱਖੀ, ਉਹ ਏਕਤਾ ਲਈ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਤਿਆਰ ਹਨ।
ਦੂਸਰੇ ਪਾਸੇ ਸ. ਢੀਂਡਸਾ ਦਾ ਸਟਂੈਡ ਸ਼੍ਰੋਮਣੀ ਅਕਾਲੀ ਦਲ ’ਤੇ ਕਬਜ਼ਾ ਕਰਨ ਅਤੇ ਬਾਦਲ ਵਿਰੋਧੀਆਂ ਨੂੰ ਨਾਲ ਲੈ ਕੇ ਚਲਣ ਦਾ ਹੈ ਜੋ ਪਾਰਟੀ ਅੰਦਰ ਘੁਟਣ ਮਹਿਸੂੂਸ ਕਰ ਰਹੇ ਹਨ ਅਤੇ ਘਰਾਂ ’ਚ ਬੈਠੇ ਹਨ। ਜ਼ਿਕਰਯੋਗ ਹੈ ਕਿ ਜਗਦੇਵ ਸਿੰਘ ਤਲਵੰਡੀ ਨੂੰ ਪ੍ਰਧਾਨਗੀ ਤੋਂ ਲਾਹ ਕੇ ਉਨ੍ਹਾਂ ਦੀ ਥਾਂ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ 1979 -80 ਵਿਚ ਪ੍ਰਧਾਨ ਬਣਾਇਆ ਗਿਆ ਸੀ ਤੇ ਜਥੇਦਾਰ ਤਲਵੰਡੀ ਵਿਰੁਧ ਝੰਡਾ ਮਾਝੇ ਦੇ ਉੱਘੇ ਆਗੂਆਂ ਸਵਰਗੀ ਸ. ਪ੍ਰਕਾਸ਼ ਸਿੰਘ ਮਜੀਠਾ ਅਤੇ ਸਵਰਗੀ ਦਲਬੀਰ ਸਿੰਘ ਰਣੀਕੇ ਨੇ ਚੁਕਿਆ ਸੀ।
ਉਸ ਸਮੇਂ ਜਥੇਦਾਰ ਤਲਵੰਡੀ ਨੇ ਸ਼੍ਰੋਮਣੀ ਅਕਾਲੀ ਦਲ (ਤਲਵੰਡੀ) ਬਣਾ ਲਿਆ ਸੀ। ਪਰ ਸਮਾਂ ਬੀਤਣ ’ਤੇ ਉਹ ਮੁੜ ਪਾਰਟੀ ਦੀ ਮੁੱਖ ਧਾਰਾ ਵਿਚ ਆ ਗਏ ਸਨ। ਚਰਚਾ ਮੁਤਾਬਕ ਸਿੱਖ ਸਿਆਸਤ ਗਰਮ ਹੋ ਗਈ ਹੈ ਤੇ ਇਸ ਹਫ਼ਤੇ ਸੁਖਦੇਵ ਸਿੰਘ ਢੀਂਡਸਾ ਵਲੋਂ ਸਿਆਸੀ ਧਮਾਕਾ ਕਰ ਕੇ ਨਵੀਂ ਪਾਰਟੀ ਦਾ ਗਠਨ ਕਰ ਲੈਣਾ ਹੈ ਤਾਂ ਜੋ ਮੁੱਖ ਧਿਆਨ 2022 ਦੀਆਂ ਵਿਧਾਨ ਸਭਾ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲ ਕੀਤਾ ਜਾ ਸਕੇ। ਸਿੱਖ ਹਲਕਿਆਂ ਮੁਤਾਬਕ, ਕੈਬਨਿਟ ਮੰਤਰੀ, ਸੰਸਦ ਮੈਂਬਰ, ਵਿਧਾਇਕ ਤੇ ਹੋਰ ਉਚ ਜਥੇਬੰਦਕ ਪਦਵੀਆਂ ਹੰਢਾ ਚੁਕੀ ਲੀਡਰਸ਼ਿਪ ਵਿਚ ਮਿਸ਼ਨਰੀ ਸਪਿਰਟ, ਤਿਆਗ ਦੀ ਭਾਵਨਾ, ਅਨੁਸ਼ਾਸਨ ’ਚ ਰਹਿਣਾ ਆਦਿ ਰਾਜਨੀਤਿਕ ਘਾਟਾਂ ਰੜਕ ਰਹੀਆਂ ਹਨ।
ਇਹ ਵੀ ਚਰਚਾ ਹੈ ਕਿ ਕੁਝ ਬਾਦਲ ਪੱਖੀ ਨੇਤਾ ਦੂਸਰੀਆਂ ਪਾਰਟੀਆਂ ’ਚ ਘੁਸਪੈਠ ਵੀ ਕਰ ਚੁਕੇ ਹਨ ਤਾਂ ਜੋ ਢੀਂਡਸਾ ਦਾ ਜਥੇਬੰਦਕ ਢਾਂਚਾ ਬਣਾਉਣ ਵਿਚ ਦੇਰੀ ਕਰਵਾਈ ਜਾ ਸਕੇ। ਚਰਚਾ ਮੁਤਾਬਕ ਲੋਕ ਸਮੂਹ ਰਵਾਇਤੀ ਪਾਰਟੀਆਂ ਤੋਂ ਅੱਕੇ ਹੋਏ ਹਨ ਤੇ ਉਹ ਬਾਦਲਾਂ ਵਿਰੁਧ ਮਜ਼ਬੂਤ ਰਾਜਨੀਤਕ ਬਦਲ ਚਾਹੁੰਦੇ ਹਨ ਤਾਂ ਜੋ ਬੇਰੁਜ਼ਗਾਰੀ ਵਰਗੀ ਵੱਡੀ ਸਮੱਸਿਆ ਨੂੰ ਸੁਲਝਾਇਆ ਜਾ ਸਕੇ।
ਵੱਡੀਆਂ ਸਮੱਸਿਆਵਾਂ ਕਾਂਗਰਸ ਤੇ ਭਾਜਪਾ ਵੀ ਘਰ-ਘਰ ਰੁਜ਼ਗਾਰ ਨਹੀਂ ਦੇ ਸਕੀ। ਸਿੱਖਾਂ ਦੀ ਗੱਲ ਕਰੀਏ ਤਾਂ ਇਸ ਵੇਲੇ ਸਿੱਖ ਕੌਮ ਲੀਡਰਲੈਸ ਹੋਈ ਪਈ ਹੈ। ਸਿੱਖੀ ਦੀਆਂ ਨੈਤਿਕ ਕਦਰਾਂ ਕੀਮਤਾਂ ਦਾ ਪਤਨ ਹੋ ਚੁਕਾ ਹੈ। ਕੋਰੋਨਾ ਨੇ ਸੱਭ ਦਾ ਆਰਥਕ ਲੱਕ ਤੋੜ ਦਿਤਾ ਹੈ ਪਰ ਪੰਜਾਬ ਦੀ ਬਾਦਲ ਵਿਰੋਧੀ ਲੀਡਰਸ਼ਿਪ ਇਤਫ਼ਾਕ ਨਹੀਂ ਵਿਖਾ ਰਹੀ, ਜਿਸ ਦੀ ਆਸ ਪੰਜਾਬੀ ਤੇ ਸਿੱਖ ਕਰ ਰਹੇ ਹਨ। ਪੰਥ ਨੂੰ ਇਸ ਵੇਲੇ ਬਾਦਲਾਂ ਨਾਲ ਟੱਕਰ ਦੇਣ ਵਾਲੇ ਪ੍ਰਭਾਵਸ਼ਾਲੀ ਆਗੂ ਦੀ ਜ਼ਰੂਰਤ ਹੈ।