
ਇਸ ਮਾਮਲੇ ਵਿਚ ਉਸ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਉਸ ਨੇ ਆਪਣੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਵਿਖਾਏ।
ਬਠਿੰਡਾ- ਬਠਿੰਡਾ ਜੇਲ੍ਹ ਵਿਚ ਬੰਦ ਇੱਕ ਸਿੱਖ ਕੈਦੀ ਰਾਜਵੀਰ ਨੇ ਜੇਲ੍ਹ ਪ੍ਰਸ਼ਾਸਨ 'ਤੇ ਗੰਭੀਰ ਦੋਸ਼ ਲਗਾਏ ਹਨ ਕਿ ਉਸ ਦੇ ਨਾਲ ਜੇਲ੍ਹ ਵਿਚ ਬੁਰੀ ਤਰ੍ਹਾਂ ਤਸ਼ੱਦਦ ਕੀਤਾ ਗਿਆ ਤੇ ਉਸ ਦੇ ਕੇਸ ਵੀ ਕਤਲ ਕੀਤੇ ਗਏ। ਇਸ ਮਾਮਲੇ ਵਿਚ ਉਸ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਉਸ ਨੇ ਆਪਣੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਵਿਖਾਏ।
ਦੱਸ ਦਈਏ ਕਿ ਦੋ ਦਿਨ ਪਹਿਲਾਂ ਕੈਦੀ ਦੀ ਮਾਂ ਨੇ ਮੀਡੀਆ ਨੂੰ ਦੱਸਿਆ ਸੀ ਕਿ ਬਠਿੰਡਾ ਦੀ ਜੇਲ੍ਹ ਵਿਚ ਐਤਵਾਰ ਨੂੰ ਉਸ ਦੇ ਪੁੱਤਰ ਨਾਲ ਕੁੱਟਮਾਰ ਕੀਤੀ ਗਈ ਹੈ ਤੇ ਉਸ ਦੇ ਪੁੱਤਰ ਦੇ ਕੇਸ ਕਤਲ ਕੀਤੇ ਗਏ ਹਨ। ਕੈਦੀ ਨੇ ਮੀਡੀਆ ਨੂੰ ਆਪਣੇ ਪੁੱਤਰ ਵੱਲੋਂ ਲਿਖੀ ਗਈ ਚਿੱਠੀ ਤੇ ਕਤਲ ਕੀਤੇ ਗਏ ਕੇਸ ਵੀ ਵਿਖਾਏ। ਉਸ ਨੇ ਕਿਹਾ ਕਿ ਉਸ ਦੇ ਪੁੱਤਰ ਦੀ ਇਸ ਜੇਲ੍ਹ ਵਿਚੋਂ ਬਦਲੀ ਕੀਤੀ ਜਾਣੀ ਚਾਹੀਦੀ ਹੈ।
Rajveer Singh Mother
ਇਸ ਮਾਮਲੇ ਦਾ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਵੀ ਨੋਟਿਸ ਲਿਆ ਤੇ ਕਾਰਵਾਈ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਮੇਰੇ ਧਿਆਨ ਵਿਚ ਆਇਆ ਹੈ ਕਿ ਕੈਦੀ ਨੇ ਬਠਿੰਡਾ ਜੇਲ੍ਹ ਅਥਾਰਟੀ ‘ਤੇ ਗੰਭੀਰ ਇਲਜ਼ਾਮ ਲਗਾਏ ਹਨ। ਅਸੀਂ ਜਾਂਚ ਦੇ ਹੁਕਮ ਦਿੱਤੇ ਹਨ ਤੇ ਜੋ ਕੋਈ ਦੋਸ਼ੀ ਪਾਇਆ ਗਿਆ ਤਾਂ ਬਣਦੀ ਕਾਰਾਵਾਈ ਕੀਤੀ ਜਾਵੇਗੀ। ਫਿਲਹਾਲ ਅਜੇ ਤੱਕ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਹੋਈ ਹੈ।
ਦੱਸ ਦਈਏ ਕਿ ਇਹ ਕੈਦੀ ਗੈਂਗਸਟਰ ਰਾਜਵੀਰ ਸਾਲ 2017 'ਚ ਵੀ ਚਰਚਾ 'ਚ ਆਇਆ ਸੀ। ਉਸ ਵੇਲੇ ਇਹ ਕਪੂਰਥਲਾ ਜੇਲ੍ਹ 'ਚ ਬੰਦ ਸੀ ਤੇ ਕੈਦੀ ਦੇ ਲੱਕ ‘ਤੇ ਗਰਮ ਸਰੀਏ ਨਾਲ ‘ਕ੍ਰਿਮੀਨਲ’ ਲਿਖਿਆ ਗਿਆ ਸੀ। ਹੁਣ ਕੇਸ ਕਤਲ ਕਰਨ ਦੀ ਤਾਜ਼ਾ ਘਟਨਾ ਤੋਂ 3-4 ਦਿਨ ਪਹਿਲਾਂ ਹੀ ਇਸ ਕੈਦੀ ਕੋਲੋਂ ਮੋਬਾਈਲ ਤੇ ਪੰਜ ਸਿਮ ਮਿਲੇ ਸਨ। ਇਸ ਤੋਂ ਬਾਅਦ ਐਤਵਾਰ ਨੂੰ ਉਸ ਨੇ ਆਪਣੀ ਮਾਂ ਨੂੰ ਚਿੱਠੀ ਦੇ ਨਾਲ ਆਪਣੇ ਕਤਲ ਕੀਤੇ ਕੇਸ ਵੀ ਫੜਾਏ ਤੇ ਜੇਲ੍ਹ ਪ੍ਰਸ਼ਾਸਨ 'ਤੇ ਇਲਜ਼ਾਮ ਲਾਏ।