
ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨਾਲ ਮੁਲਾਕਾਤ ਕਰਕੇ ਮੰਗੀ ਸੀ ਇਜਾਜ਼ਤ
Amritpal Singh : ਖਡੂਰ ਸਾਹਿਬ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਸਾਂਸਦ ਵਜੋਂ ਸਹੁੰ ਚੁੱਕਣ ਦੀ ਇਜਾਜ਼ਤ ਮਿਲ ਗਈ ਹੈ। ਉਹ 5 ਜੁਲਾਈ ਨੂੰ ਸੰਸਦ ਭਵਨ ‘ਚ ਸਹੁੰ ਚੁੱਕਣਗੇ। ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨਾਲ ਮੁਲਾਕਾਤ ਕਰਕੇ ਇਜਾਜ਼ਤ ਮੰਗੀ ਸੀ। ਅੰਮ੍ਰਿਤਪਾਲ ਓਮ ਬਿਰਲਾ ਦੇ ਕਮਰੇ 'ਚ ਸਹੁੰ ਚੁੱਕਣਗੇ।
ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਕੁਝ ਪ੍ਰਮੀਸ਼ਨਾਂ ਦੀ ਜ਼ਰੂਰਤ ਹੁੰਦੀ ਹੈ ,ਜੋ ਹੁਣ ਸਾਰੀਆਂ ਮਨਜ਼ੂਰੀਆਂ ਮਿਲ ਗਈਆਂ ਹਨ ਅਤੇ ਹੁਣ ਅੰਮ੍ਰਿਤਪਾਲ ਸਿੰਘ 5 ਜੁਲਾਈ ਨੂੰ ਸਹੁੰ ਚੁੱਕਣਗੇ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਇਸ ਸਬੰਧੀ ਕੁਝ ਦਿਨ ਪਹਿਲਾਂ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਮੰਗ ਪੱਤਰ ਭੇਜਿਆ ਸੀ।
ਦੱਸ ਦਈਏ ਕਿ ਨਿਯਮਾਂ ਮੁਤਾਬਕ ਚੁਣੇ ਗਏ ਸੰਸਦ ਮੈਂਬਰ ਨੂੰ 60 ਦਿਨਾਂ ਦੇ ਅੰਦਰ ਸਹੁੰ ਚੁੱਕਣੀ ਪੈਂਦੀ ਹੈ। ਅੰਮ੍ਰਿਤਪਾਲ ਸਿੰਘ ਉਪਰ ਐਨਐਸਏ ਇੱਕ ਸਾਲ ਲਈ ਵਧਾ ਦਿੱਤੀ ਹੈ। ਅੰਮ੍ਰਿਤਪਾਲ ਸਿੰਘ ਦੇ ਵਕੀਲ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ ‘ਤੇ ਐਨਐਸਏ ਦੀ ਮਿਆਦ ਇੱਕ ਸਾਲ ਵਧਾ ਦਿੱਤੀ ਹੈ ,ਜੋ 23 ਅਪ੍ਰੈਲ 2025 ਤੱਕ ਰਹੇਗੀ।
ਇਸ ਦੇ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ 40 ਸਾਲਾਂ ਬਾਅਦ ਜਨਤਾ ਨੇ ਉਨ੍ਹਾਂ 'ਤੇ ਭਰੋਸਾ ਪ੍ਰਗਟਾਇਆ ਹੈ ਕਿ ਉਹ ਉਨ੍ਹਾਂ ਦੀਆਂ ਉਮੀਦਾਂ 'ਤੇ ਖਰੇ ਉਤਰਨਗੇ। ਉਨ੍ਹਾਂ ਕਿਹਾ ਕਿ ਉਹ ਫਰੀਦਕੋਟ ਦੇ ਮੁੱਦੇ ਸੰਸਦ 'ਚ ਉਠਾਉਣਗੇ।
ਸ਼੍ਰੋਮਣੀ ਅਕਾਲੀ ਦਲ ਵਿੱਚ ਹੋਈ ਧੜੇਬੰਦੀ ਬਾਰੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਖ਼ਤਮ ਨਹੀਂ ਹੋ ਸਕਦਾ ਪਰ ਪ੍ਰਧਾਨ ਬਦਲਣ ਦੀ ਗੱਲ ਚੱਲ ਰਹੀ ਹੈ। ਜੇਕਰ ਪਾਰਟੀ ਪ੍ਰਧਾਨ ਬਦਲਦਾ ਹੈ ਤਾਂ ਲੋਕ ਵਿਸ਼ਵਾਸ ਕਰ ਸਕਦੇ ਹਨ।
ਸੰਸਦ 'ਚ ਮੋਦੀ ਦੇ ਭਾਸ਼ਣ 'ਤੇ ਉਨ੍ਹਾਂ ਕਿਹਾ ਕਿ ਲੋਕ ਸਭਾ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਸ਼ਣ ਲਗਭਗ 2 ਘੰਟੇ 30 ਮਿੰਟ ਦਾ ਸੀ, ਜਿਸ 'ਚੋਂ 2 ਘੰਟੇ 20 ਮਿੰਟ ਰਾਹੁਲ ਗਾਂਧੀ 'ਤੇ ਹੀ ਰਿਹਾ। ਜੇਕਰ ਸਿਰਫ 10 ਮਿੰਟ ਰਾਹੁਲ ਗਾਂਧੀ ਅਤੇ 2 ਘੰਟੇ 20 ਮਿੰਟ ਦੇਸ਼ ਲਈ ਬੋਲਦੇ ਤਾਂ ਚੰਗਾ ਰਹਿੰਦਾ।