
ਸਾਬਕਾ ਵਿਰੋਧੀ ਧਿਰ ਦੇ ਨੇਤਾ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਸਖ਼ਤ ਟਿਪਣੀ ਕਰਦੇ ਹੋਏ ਕਿਹਾ ਕਿ ਮਨੁੱਖੀ ਜ਼ਿੰਦਗੀਆਂ ਦੇ ਹੋਏ...
ਚੰਡੀਗੜ੍ਹ, 2 ਅਗੱਸਤ (ਨੀਲ ਭਲਿੰਦਰ ਸਿੰਘ): ਸਾਬਕਾ ਵਿਰੋਧੀ ਧਿਰ ਦੇ ਨੇਤਾ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਸਖ਼ਤ ਟਿਪਣੀ ਕਰਦੇ ਹੋਏ ਕਿਹਾ ਕਿ ਮਨੁੱਖੀ ਜ਼ਿੰਦਗੀਆਂ ਦੇ ਹੋਏ ਵੱਡੇ ਨੁਕਸਾਨ ਸਬੰਧੀ ਛੋਟੇ ਅਫ਼ਸਰਾਂ ਵਿਰੁਧ ਕਾਰਵਾਈ ਕਰਨ ਦੀ ਬਜਾਏ ਮੁੱਖ ਮੰਤਰੀ ਖ਼ੁਦ ਅਸਤੀਫ਼ਾ ਦੇਣ। ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸੂਬੇ ਵਿਚ ਹੋ ਰਹੇ ਹਾਦਸਿਆਂ ਸਬੰਧੀ ਜਵਾਬਦੇਹੀ ਤੋਂ ਬਚਣ ਲਈ ਛੋਟੇ ਅਫ਼ਸਰਾਂ ਨੂੰ ਬਲੀ ਦਾ ਬਕਰਾ ਬਣਾਉਣ ਦੇ ਆਦੀ ਹੋ ਗਏ ਹਨ।
Photo
ਖਹਿਰਾ ਨੇ ਕਿਹਾ ਕਿ ਮੌਜੂਦਾ ਨਕਲੀ ਸ਼ਰਾਬ ਹਾਦਸੇ ਵਿਚ ਮੁੱਖ ਮੰਤਰੀ ਨਕਲੀ ਸ਼ਰਾਬ ਸਪਲਾਈ ਕਰਨ ਵਾਲੇ ਅਸਲ ਸਰੋਤਾਂ ਤਕ ਪਹੁੰਚਣ ਅਤੇ ਅਸਲ ਦੋਸ਼ੀਆਂ ਨੂੰ ਫੜਨ ਦੀ ਕੋਸ਼ਿਸ਼ ਨਹੀਂ ਕਰ ਰਹੇ ਹਨ ਅਤੇ ਛੋਟੇ ਅਫ਼ਸਰਾਂ ਨੂੰ ਸਜ਼ਾ ਦੇ ਕੇ ਲੋਕਾਂ ਦੇ ਗੁੱਸੇ ਨੂੰ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਵਜੋਂ ਸਾਰੇ ਫ਼ਰੰਟਾਂ ਉਪਰ ਨਾ ਸਿਰਫ਼ ਫ਼ੇਲ੍ਹ ਹੋ ਗਏ ਹਨ ਬਲਕਿ ਐਕਸਾਈਜ਼ ਅਤੇ ਟੈਕਸ ਮੰਤਰੀ ਵਜੋਂ ਪੰਜਾਬ ਵਿਚ ਸ਼ਰਾਬ ਮਾਫ਼ੀਆ ਨੂੰ ਕਾਬੂ ਕਰਨ ਵਿਚ ਅਸਫ਼ਲ ਰਹੇ ਹਨ। ਖਹਿਰਾ ਨੇ ਮੁੱਖ ਮੰਤਰੀ ਕੋਲੋਂ ਮੰਗ ਕੀਤੀ ਕਿ ਮ੍ਰਿਤਕਾਂ ਦੇ ਪ੍ਰਵਾਰਾਂ ਦੀ ਐਕਸ ਗਰੇਸ਼ੀਆ ਗਰਾਂਟ ਵਧਾ ਕੇ 25 ਲੱਖ ਰੁਪਏ ਕੀਤੀ ਜਾਵੇ। ਕਿਉਂਕਿ ਇਹ ਵੱਡਾ ਹਾਦਸਾ ਸੂਬਾ ਸਰਕਾਰ ਦੀ ਅਣਗਹਿਲੀ ਅਤੇ ਢਿਲਮੱਠ ਰਵਈਏ ਕਰ ਕੇ ਹੋਇਆ ਹੈ।