
800 ਪਾਜ਼ੇਟਿਵ ਮਾਮਲੇ ਆਏ, ਸੂਬੇ 'ਚ ਕੁਲ ਪਾਜ਼ੇਟਿਵ ਅੰਕੜਾ 17,850 ਤੋਂ ਪਾਰ
ਚੰਡੀਗੜ੍ਹ, 2 ਅਗੱਸਤ (ਗੁਰਉਪਦੇਸ਼ ਭੁੱਲਰ): ਅਗੱਸਤ ਮਹੀਨੇ ਦੇ ਸ਼ੁਰੂ ਵਿਚ ਹੀ ਪੰਜਾਬ ਵਿਚ ਕੋਰੋਨਾ ਦੀ ਰਫ਼ਤਾਰ ਵਿਚ ਤੇਜ਼ੀ ਆਈ ਹੈ। ਮਹੀਨੇ ਦੇ ਦੂਜੇ ਦਿਨ ਅੱਜ ਐਤਵਾਰ ਨੂੰ ਵੀ 800 ਨਵੇਂ ਪਾਜ਼ੇਟਿਵ ਮਾਮਲੇ ਆਏ ਅਤੇ 18 ਮੌਤਾਂ ਹੋਈਆਂ ਹਨ। ਅਗੱਸਤ ਦੇ ਪਹਿਲੇ ਹੀ ਦਿਨ ਅੰਕੜਿਆਂ ਵਿਚ ਉਛਾਲ ਆਇਆ ਸੀ ਅਤੇ 1000 ਪਾਜ਼ੇਟਿਵ ਮਾਮਲੇ ਆਏ ਸਨ ਤੇ 16 ਮੌਤਾਂ ਹੋਈਆਂ ਸਨ। ਇਸ ਤਰ੍ਹਾਂ ਅਗੱਸਤ ਮਹੀਨੇ ਦੇ ਪਹਿਲੇ 48 ਘੰਟਿਆਂ ਦੌਰਾਨ ਹੀ 1800 ਪਾਜ਼ੇਟਿਵ ਮਾਮਲੇ ਆ ਗਏ ਅਤੇ 34 ਮੌਤਾਂ ਹੋ ਗਈਆਂ ਹਨ।
ਇਸ ਤਰ੍ਹਾਂ ਹੁਣ ਸੂਬੇ ਵਿਚ ਪਾਜ਼ੇਟਿਵ ਕੇਸਾਂ ਦਾ ਕੁਲ ਅੰਕੜਾ 17,850 ਤੋਂ ਪਾਰ ਹੋ ਚੁੱਕਾ ਹੈ। ਇਨ੍ਹਾਂ ਵਿਚੋਂ 1466 ਮਰੀਜ਼ ਅੱਜ ਤਕ ਠੀਕ ਵੀ ਹੋਏ ਹਨ। ਇਸ ਸਮੇਂ ਇਲਾਜ ਅਧੀਨ 5964 ਮਰੀਜ਼ਾਂ ਵਿਚੋਂ 157 ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਨ੍ਹਾਂ ਵਿਚੋਂ ਵੈਂਟੀਲੇਟਰ ਉਪਰ ਹਨ। ਲੁਧਿਆਣਾ ਵਿਚ ਅੱਜ ਵੀ ਸੱਭ ਤੋਂ ਵੱਧ 147, ਪਟਿਆਲਾ ਵਿਚ 100, ਜਲੰਧਰ ਵਿਚ 98 ਤੇ ਮੋਹਾਲੀ ਜ਼ਿਲ੍ਹੇ ਵਿਚ 52 ਪਾਜ਼ੇਟਿਵ ਮਾਮਲੇ ਇਕੋ ਦਿਨ ਵਿਚ ਆਉਣ ਨਾਲ ਕੋਰੋਨਾ ਧਮਾਕੇ ਹੋਏ ਹਨ।
ਅੰਮ੍ਰਿਤਸਰ ਜ਼ਿਲ੍ਹੇ ਵਿਚ 44 ਹੋਰ ਪਾਜ਼ੇਟਿਵ ਮਾਮਲੇ ਆਏ ਹਨ। ਮੌਤਾਂ ਦੇ ਮਾਮਲੇ ਦੀ ਗੱਲ ਕਰੀਏ ਤਾਂ 24 ਘੰਟੇ ਦੌਰਾਨ ਲੁਧਿਆਣਾ ਵਿਚ 8, ਪਟਿਆਲਾ ਵਿਚ 4, ਅੰਮ੍ਰਿਤਸਰ ਵਿਚ 3, ਤਰਨਤਾਰਨ, ਪਠਾਨਕੋਟ ਤੇ ਮੋਹਾਲੀ ਵਿਚ ਕੋਰੋਨਾ ਨਾਲ 1-1 ਜਾਨ ਗਈ ਹੈ। ਇਸ ਸਮੇਂ ਮੌਤਾਂ ਤੇ ਪਾਜ਼ੇਟਿਵ ਮਾਮਲਿਆਂ ਦਾ ਅੰਕੜਾ ਜ਼ਿਲ੍ਹਾ ਲੁਧਿਆਣਾ ਵਿਚ ਸੱਭ ਤੋਂ ਵੱਧ ਹੈ। ਇਥੇ 107 ਮੌਤਾਂ ਹੋ ਚੁਕੀਆਂ ਹਨ ਅਤੇ ਪਾਜ਼ੇਟਿਵ ਕੇਸਾਂ ਦਾ ਅੰਕੜਾ 3524 ਤਕ ਪਹੁੰਚ ਗਿਆ ਹੈ। ਇਸ ਤੋਂ ਬਾਅਦ ਜਲੰਧਰ ਤੇ ਅੰਮ੍ਰਿਤਸਰ ਜ਼ਿਲ੍ਹਿਆਂ ਦਾ ਅੰਕੜਾ ਹੈ। ਜਦਕਿ ਪਟਿਆਲਾ ਜ਼ਿਲ੍ਹੇ ਵਿਚ ਵੀ ਕਈ ਦਿਨਾਂ ਤੋਂ ਪਾਜ਼ੇਟਿਵ ਕੇਸਾਂ ਤੇ ਮੌਤਾਂ ਦੇ ਅੰਕੜੇ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।