
ਅਜਨਾਲਾ ਦੀ ਗੁਰਜੀਤ ਕੌਰ ਨੇ ਪਲਟੀ ਖੇਡ, ਅਪਣੇ ਜੌਹਰ ਸਦਕਾ ਭਾਰਤ ਨੂੰ ਦਿਵਾਈ ਜਿੱਤ
ਟੋਕੀਉ, 2 ਅਗੱਸਤ : ਟੋਕੀਉ ਉਲੰਪਿਕ ਖੇਡਾਂ ਲਈ ਭਾਰਤੀ ਮਹਿਲਾ ਹਾਕੀ ਟੀਮ ਵਿਚ ਪੰਜਾਬ ਦੀ ਤਹਿਸੀਲ ਅਜਨਾਲਾ ਦੇ ਸਰਹੱਦੀ ਪਿੰਡ ਦੀ ਗੁਰਜੀਤ ਕੌਰ ਅਪਣੇ ਜੌਹਰ ਸਦਕਾ ਭਾਰਤ ਨੂੰ ਜਿੱਤ ਦਿਵਾ ਕੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ | ਭਾਰਤ ਵਲੋਂ ਇਕੋ ਇਕ ਗੋਲ ਗੁਰਜੀਤ ਕੌਰ ਨੇ ਕੀਤਾ | ਇਹ ਵੀ ਪਹਿਲੀ ਵਾਰ ਹੈ ਕਿ ਭਾਰਤੀ ਪੁਰਸ਼ ਅਤੇ ਮਹਿਲਾ ਹਾਕੀ ਟੀਮ ਸੈਮੀ ਫ਼ਾਈਨਲ ਵਿਚ ਪੁੱਜੀ ਹੈ | ਭਾਰਤੀ ਮਹਿਲਾ ਹਾਕੀ ਟੀਮ ਨੇ ਉਲੰਪਿਕ ਵਿਚ ਇਤਿਹਾਸ ਰਚ ਦਿਤਾ ਹੈ | ਟੀਮ ਨੇ ਪਹਿਲੀ ਵਾਰ ਸੈਮੀ ਫ਼ਾਈਨਲ 'ਚ ਜਗ੍ਹਾ ਬਣਾਈ ਹੈ | ਭਾਰਤ ਨੇ ਕੁਆਰਟਰ ਫ਼ਾਈਨਲ ਵਿਚ ਆਸਟਰੇਲੀਆ
ਨੂੰ 1-0 ਨਾਲ ਹਰਾਇਆ |
ਭਾਰਤੀ ਮਹਿਲਾ ਟੀਮ ਨੇ ਮੈਚ ਦੀ ਚੰਗੀ ਸ਼ੁਰੂਆਤ ਕੀਤੀ | ਹਾਲਾਂਕਿ, ਭਾਰਤ ਅਤੇ ਆਸਟਰੇਲੀਆ ਦੋਵੇਂ ਪਹਿਲੇ ਕੁਆਰਟਰ ਵਿਚ ਗੋਲ ਨਹੀਂ ਕਰ ਸਕੇ | ਗੁਰਜੀਤ ਕੌਰ ਨੇ 22 ਵੇਂ ਮਿੰਟ ਵਿਚ ਪੈਨਲਟੀ ਕਾਰਨਰ 'ਤੇ ਗੋਲ ਕਰ ਕੇ ਭਾਰਤ ਨੂੰ 1-0 ਦੀ ਬੜ੍ਹਤ ਦਿਵਾਈ | ਅੱਧੇ ਸਮੇਂ ਤਕ ਸਕੋਰ ਬਰਾਬਰ ਰਿਹਾ | ਤੀਜੇ ਕੁਆਰਟਰ ਵਿਚ ਵੀ ਕੋਈ ਗੋਲ ਨਹੀਂ ਹੋਇਆ ਅਤੇ ਭਾਰਤੀ ਟੀਮ 1-0 ਨਾਲ ਅੱਗੇ ਸੀ | ਚੌਥੇ ਕੁਆਰਟਰ ਵਿਚ ਆਸਟਰੇਲੀਆ ਦੀ ਟੀਮ ਨੇ ਜ਼ੋਰਦਾਰ ਹਮਲਾ ਕੀਤਾ ਅਤੇ ਲਗਾਤਾਰ ਦੋ ਕੋਨੇ ਵੀ ਲਏ | ਉਸ ਨੂੰ ਮੈਚ 'ਚ ਕੁੱਲ 9 ਪੈਨਲਟੀ ਕਾਰਨਰ ਮਿਲੇ, ਪਰ ਉਹ ਇਸ 'ਤੇ ਗੋਲ ਨਹੀਂ ਕਰ ਸਕੀ | ਭਾਰਤੀ ਟੀਮ ਨੂੰ ਸਿਰਫ ਇਕ ਹੀ ਕਾਰਨਰ ਮਿਲਿਆ ਅਤੇ ਉਸ ਨੇ ਇਸ ਉੱਤੇ ਇਕ ਗੋਲ ਕੀਤਾ ਅਤੇ ਜਿੱਤ ਦਰਜ ਕੀਤੀ |