
ਭਾਰਤੀ ਕੁੜੀਆਂ ਦੀ ਹਾਕੀ ਟੀਮ ਨੇ ਰਚਿਆ ਇਤਿਹਾਸ, ਆਸਟ੍ਰੇਲੀਆ ਨੂੰ ਹਰਾ ਕੇ ਸੈਮੀ ਫ਼ਾਈਨਲ ਵਿਚ ਦਾਖ਼ਲ
ਪੰਜਾਬ ਦੀ ਗੁਰਜੀਤ ਕੌਰ ਨੇ 22ਵੇਂ ਮਿੰਟ ਵਿਚ ਦੇਸ਼ ਲਈ ਇਕਲੌਤਾ ਗੋਲ ਕੀਤਾ
ਟੋਕੀਉ, 2 ਅਗੱਸਤ : ਡਰੈਗਫ਼ਿਲਕਰ ਗੁਰਜੀਤ ਕੌਰ ਦੇ ਗੋਲ ਅਤੇ ਗੋਲਕੀਪਰ ਸਵਿਤਾ ਦੀ ਅਗਵਾਈ ਵਿਚ ਰਖਿਆ ਕਤਾਰ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤੀ ਕੁੜੀਆਂ ਦੀ ਹਾਕੀ ਟੀਮ ਨੇ ਟੋਕੀਉ ਉਲੰਪਿਕ ਖੇਡਾਂ ਦੇ ਕਵਾਰਟਰ ਫ਼ਾਈਨਲ ਵਿਚ ਸੋਮਵਾਰ ਨੂੰ ਇਥੇ ਵਿਸ਼ਵ ਦੀ ਦੋ ਨੰਬਰ ਟੀਮ ਆਸਟ੍ਰੇਲੀਆ ਨੂੰ ਨਜ਼ਦੀਕੀ ਮੁਕਾਬਲੇ ਵਿਚ 1-0 ਨਾਲ ਹਰਾ ਕੇ ਪਹਿਲੀ ਵਾਰ ਉਲੰਪਿਕ ਦੇ ਸੈਮੀ ਫ਼ਾਈਨਲ ਵਿਚ ਦਾਖ਼ਲ ਹੋ ਕੇ ਇਤਿਹਾਸ ਰੱਚ ਦਿਤਾ | ਭਾਰਤੀ ਮੁੰਡਿਆਂ ਦੀ ਹਾਕੀ ਟੀਮ 41 ਸਾਲ ਬਾਅਦ ਸੈਮੀ ਫ਼ਾਈਨਲ ਵਿਚ ਥਾਂ ਬਣਾਉਣ ਤੋਂ ਬਾਅਦ ਵਿਸ਼ਵ ਵਿਚ ਨੌਵੇਂ ਨੰਬਰ ਦੀ ਕੁੜੀਆਂ ਦੀ ਟੀਮ ਨੇ ਇਹ ਇਤਿਹਾਸ ਰਚਿਆ ਹੈ | ਸੈਮੀ ਫ਼ਾਈਨਲ ਵਿਚ ਉਸ ਦਾ ਸਾਹਮਣਾ ਬੁਧਵਾਰ ਨੂੰ ਅਰਜਨਟੀਨਾ ਨਾਲ ਹੋਵੇਗਾ, ਜਿਸ ਨੇ ਇਕ ਹੋਰ ਕਵਾਰਟਰ ਫ਼ਾਈਨਲ ਵਿਚ ਜਰਮਨੀ ਨੂੰ 3-0 ਨਾਲ ਹਰਾਇਆ | ਗੁਰਜੀਤ ਕੌਰ ਨੇ 22ਵੇਂ ਮਿੰਟ ਵਿਚ ਪੈਨਲਟੀ ਕਾਰਨਰ 'ਤੇ ਮਹੱਤਵਪੂਰਨ ਗੋਲ ਕੀਤਾ | ਇਸ ਤੋਂ ਬਾਅਦ ਭਾਰਤੀ ਟੀਮ ਨੇ ਅਪਣੀ ਪੂਰੀ ਤਾਕਤ ਗੋਲ ਬਚਾਉਣ ਵਿਚ ਲਗਾ ਦਿਤੀ, ਜਿਸ ਵਿਚ ਉਹ ਸਫ਼ਲ ਵੀ ਰਹੀ | ਗੋਲਕੀਪਰ ਸਵਿਤਾ ਨੇ ਸ਼ਾਨਦਾਰ ਖੇਡ ਦਿਖਾਈ ਅਤੇ ਬਾਕੀ ਰਖਿਅਕਾਂ ਨੇ ਉਨ੍ਹਾਂ ਦਾ ਚੰਗਾ ਸਾਥ ਦਿਤਾ |
ਆਖ਼ਰੀ ਦੋ ਕਵਾਰਟਰ ਵਿਚ ਆਸਟ੍ਰੇਲੀਆ ਨੇ ਲਗਾਤਾਰ ਹਮਲੇ ਕੀਤੇ ਪਰ ਭਾਰਤੀ ਕੁੜੀਆਂ ਨੇ ਉਨ੍ਹਾਂ ਨੂੰ ਸਫ਼ਲ ਨਹੀਂ ਹੋਣ ਦਿਤਾ |
ਭਾਰਤੀ ਟੀਮ ਆਤਮਵਿਸ਼ਵਾਸ ਨਾਲ ਭਰੀ ਤੇ ਖ਼ੁਦ ਨੂੰ ਸਾਬਤ ਕਰਨ ਲਈ ਦਰਿੜ ਦਿਖੀ | ਉਸ ਨੇ ਹੌਸਲੇ ਵਾਲਾ ਪ੍ਰਦਰਸ਼ਨ ਕੀਤਾ ਅਤੇ ਅਸਟ੍ਰੇਲੀਆ 'ਤੇ ਕਰੀਬੀ ਜਿੱਤ ਦਰਜ ਕੀਤੀ | ਗੁਰਜੀਤ ਕੌਰ ਨੇ ਮੈਚ ਤੋਂ ਬਾਅਦ ਕਿਹਾ,''ਅਸੀਂ ਬਹੁਤ ਖ਼ੁਸ਼ ਹਾਂ | ਇਹ ਸਾਡੀ ਸਖ਼ਤ ਮਿਹਨਤ ਦਾ ਨਤੀਜਾ ਹੈ | ਅਸੀਂ 1980 ਵਿਚ ਉਲੰਪਿਕ ਲਈ ਕੁਆਲੀਫ਼ਾਈ ਕੀਤਾ ਸੀ ਪਰ ਇਸ ਵਾਰ ਅਸੀਂ ਸੈਮੀ ਫ਼ਾਈਨਲ ਵਿਚ ਪਹੁੰਚੇ ਹਾਂ | ਇਹ ਸਾਡੇ ਲਈ ਮਾਣ ਦਾ ਪਲ ਹੈ |''
ਵਿਸ਼ਵ ਵਿਚ ਦੂਜੇ ਨੰਬਰ ਦੀ ਟੀਮ ਆਸਟ੍ਰੇਲੀਆ ਨੇ ਸ਼ੁਰੂਆਤੀ ਮਿੰਟਾਂ ਵਿਚ ਭਾਰਤੀ ਰਖਿਆ ਕਤਾਰ ਨੂੰ ਉਲਝਾਈ ਰਖਿਆ | ਕਿਸਮਤ ਭਾਰਤ ਦੇ ਨਾਲ ਸੀ ਜੋ ਦੂਜੇ ਮਿੰਟ ਵਿਚ ਸਟੀਫ਼ੇਨੀ ਕੇਰਸ਼ੋ ਦੇ ਕਰਾਸ ਅਤੇ ਐਂਬਰੋਸੀਆ ਮਾਲੋਨੀ ਦਾ ਸ਼ਾਟ ਪੋਸਟ ਨਾਲ ਟਕਰਾਉਣ ਕਾਰਨ ਆਸਟ੍ਰੇਲੀਆਈ ਟੀਮ ਵਾਧਾ ਦਰਜ ਨਹੀਂ ਕਰ ਸਕੀ | ਆਸਟ੍ਰੇਲੀਆ ਨੇ ਮੈਚ ਖ਼ਤਮ ਹੋਣ ਤੋਂ ਦੋ ਮਿੰਟ ਪਹਿਲਾਂ ਪੈਨਲਟੀ ਕਾਰਨਰ ਹਾਸਲ ਕੀਤਾ ਪਰ ਸਵਿਤਾ ਨੇ ਫਿਰ ਤੋਂ ਭਾਰਤ 'ਤੇ ਆਇਆ ਖ਼ਤਰਾ ਟਾਲ ਦਿਤਾ | ਆਖ਼ਰੀ ਸੀਟੀ ਵੱਜਣ ਨਾਲ ਹੀ ਭਾਰਤੀ ਕੁੜੀਆਂ ਖ਼ੁਸ਼ੀ ਵਿਚ ਨੱਚਣ ਲੱਗੀਆਂ ਤੇ ਇਕ ਦੂਜੇ ਦੇ ਗਲੇ ਮਿਲੀਆਂ | ਭਾਰਤੀ ਕੋਚ ਨੇ ਵੀ ਖ਼ੁਸ਼ੀ ਵਿਚ ਛਲਾਂਗ ਲਗਾਈ ਤੇ ਉਨ੍ਹਾਂ ਦੇ ਹੰਝੂ ਨਿਕਲ ਆਏ |
ਹਾਕੀ ਖਿਡਾਰਨ ਨਵਜੋਤ ਕੌਰ ਬੋਲੀ : ਖ਼ੁਸ਼ੀ ਬਿਆਨ ਕਰਨੀ ਮੁਸ਼ਕਲ
ਬੀਜਿੰਗ, 2 ਅਗੱਸਤ : ਟੋਕੀਉ 'ਚ ਭਾਰਤੀ ਪੁਰਸ਼ ਟੀਮ ਤੋਂ ਬਾਅਦ ਮਹਿਲਾ ਹਾਕੀ ਟੀਮ ਨੇ ਵੀ ਇਤਿਹਾਸ ਰਚ ਦਿਤਾ ਹੈ | ਭਾਰਤੀ ਟੀਮ ਨੇ ਕੁਆਰਟਰ ਫ਼ਾਈਨਲ 'ਚ ਵਿਸ਼ਵ ਦੀ ਨੰਬਰ ਦੋ ਟੀਮ ਆਸਟ੍ਰੇਲੀਆ ਨੂੰ 100 ਤੋਂ ਹਰਾ ਕੇ ਪਹਿਲੀ ਵਾਰ ਸੈਮੀਫ਼ਾਈਨਲ 'ਚ ਦਾਖ਼ਲਾ ਪੱਕਾ ਕੀਤਾ ਹੈ | ਟੀਮ ਵਲੋਂ ਸਿਰਫ਼ ਗੋਲ ਗੁਰਜੀਤ ਕੌਰ ਨੇ ਪੇਨਾਲਟੀ ਕਾਰਨਰ ਡ੍ਰੈਗ ਫ਼ਲਿੱਕ ਰਾਹੀਂ ਕੀਤਾ | ਮੈਚ 'ਚ ਰੇਲ ਕੋਚ ਫ਼ੈਕਟਰੀ ਦੀ ਖਿਡਾਰੀ ਤੇ ਟੀਮ ਦੀ ਮਿਡ ਫ਼ੀਲਡਰ ਨਵਜੋਤ ਕੌਰ ਨੇ ਵੀ ਸ਼ਾਨਦਾਰ ਖੇਡ ਦਿਖਾਈ |
ਜਿੱਤ ਤੋਂ ਬਾਅਦ ਨਵਜੋਤ ਕੌਰ ਨੇ ਭਾਰਤੀ ਟੀਮ ਦੀ ਸ਼ਾਨਦਾਰ ਜਿੱਤ ਬਾਰੇ ਦਸਿਆ | ਉਨ੍ਹਾਂ ਨੇ ਭਰੇ ਮਨ ਨਾਲ ਖ਼ੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਉਨ੍ਹਾਂ ਲਈ ਇਸ ਸਮੇਂ ਖ਼ੁਸ਼ੀ ਬਿਆਨ ਕਰਨਾ ਬੇਹੱਦ ਮੁਸ਼ਕਲ ਹੈ | ਭਾਰਤੀ ਟੀਮ ਪਿਛਲੇ ਚਾਰ ਸਾਲ ਤੋਂ ਸਖ਼ਤ ਮਿਹਨਤ ਕਰ ਰਹੀ ਸੀ ਪਰ ਉਲੰਪਿਕਸ 'ਚ ਬੇਹੱਦ ਔਖੇ ਮੁਕਾਬਲਿਆਂ ਵਿਚ ਲਗਾਤਾਰ ਤਿੰਨ ਵਾਰ ਹਾਰ ਤੋਂ ਪ੍ਰਸ਼ੰਸਕਾਂ 'ਚ ਕੁਝ ਮਾਯੂਸੀ ਆ ਗਈ ਸੀ |