ਮਾਸੀ ਨੂੰ ਫ਼ੋਨ ਕਰਕੇ ਕਿਹਾ- ਉਹ ਅੱਜ ਰਾਤ ਨੂੰ ਘਰ ਨਹੀਂ ਆਵੇਗਾ ਤੇ ਦੋਸਤਾਂ ਨਾਲ ਹੀ ਰਹੇਗਾ
Ludhiana News : ਲੁਧਿਆਣਾ 'ਚ ਇਕ ਨੌਜਵਾਨ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ ਹੈ। ਮ੍ਰਿਤਕ ਆਪਣੇ ਦੋਸਤਾਂ ਨਾਲ ਪਾਰਟੀ ਵਿੱਚ ਗਿਆ ਸੀ। ਮਰਨ ਤੋਂ ਪਹਿਲਾਂ ਉਸਨੇ ਆਪਣੀ ਮਾਸੀ ਨੂੰ ਫ਼ੋਨ ਕਰਕੇ ਕਿਹਾ ਕਿ ਉਹ ਅੱਜ ਰਾਤ ਘਰ ਨਹੀਂ ਆਵੇਗਾ , ਉਹ ਰਾਤ ਨੂੰ ਦੋਸਤਾਂ ਨਾਲ ਹੀ ਰਹੇਗਾ।
ਜਿਸ ਤੋਂ ਬਾਅਦ ਦੇਰ ਰਾਤ ਇੱਕ ਦੋਸਤ ਦਾ ਫੋਨ ਆਇਆ ,ਜਿਸ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਖਾਲੀ ਪਲਾਟ ਵਿੱਚ ਬੇਹੋਸ਼ ਪਿਆ ਹੈ। ਪਰਿਵਾਰਕ ਮੈਂਬਰ ਮੌਕੇ 'ਤੇ ਪਹੁੰਚੇ ਪਰ ਨੌਜਵਾਨ ਦੀ ਮੌਤ ਹੋ ਚੁੱਕੀ ਸੀ। ਮਰਨ ਵਾਲੇ ਨੌਜਵਾਨ ਦਾ ਨਾਂ ਸਚਿਨ ਹੈ। ਸਚਿਨ ਮੁੰਡੀਆਂ ਕਲਾਂ ਇਲਾਕੇ ਦਾ ਰਹਿਣ ਵਾਲਾ ਹੈ।
ਢਾਈ ਸਾਲਾਂ ਤੋਂ ਆਪਣੀ ਮਾਸੀ ਦੇ ਘਰ ਰਹਿ ਰਿਹਾ ਸੀ ਸਚਿਨ
ਸਚਿਨ ਦੇ ਮਾਸੜ ਉਦੈ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਚਿਨ ਪਿਛਲੇ ਢਾਈ ਸਾਲਾਂ ਤੋਂ ਉਨ੍ਹਾਂ ਦੇ ਕੋਲ ਰਹਿ ਰਿਹਾ ਸੀ। ਉਸਦੀ ਮਾਂ ਦੀ ਮੌਤ ਹੋ ਚੁੱਕੀ ਹੈ। ਉਸ ਦੇ ਪਿਤਾ ਬੈਜੂ ਗੁਪਤਾ ਨੇ ਦੂਜਾ ਵਿਆਹ ਕਰਵਾਇਆ ਸੀ। ਸਚਿਨ ਦੀ ਕਈ ਨੌਜਵਾਨਾਂ ਨਾਲ ਦੋਸਤੀ ਸੀ। ਉਹ ਇੱਥੇ ਮਜ਼ਦੂਰੀ ਕਰਦਾ ਸੀ। ਬੀਤੀ ਰਾਤ ਉਸਦੇ ਦੋਸਤ ਅੰਕਿਤ ਅਤੇ ਦੀਪਕ ਉਸਨੂੰ ਇੱਕ ਪਾਰਟੀ ਵਿੱਚ ਲੈ ਗਏ ਸਨ। ਪਾਰਟੀ 'ਚ ਜਾਣ ਤੋਂ ਬਾਅਦ ਸਚਿਨ ਨੇ ਆਪਣੀ ਮਾਸੀ ਧਰਮਸ਼ੀਲਾ ਦੇਵੀ ਨੂੰ ਫੋਨ ਕੀਤਾ ਅਤੇ ਕਿਹਾ ਕਿ ਉਹ ਸਵੇਰੇ ਘਰ ਆਵੇਗਾ।
ਜਿਸ ਤੋਂ ਬਾਅਦ ਰਾਤ ਕਰੀਬ 1.30 ਵਜੇ ਸਚਿਨ ਦੇ ਦੋਸਤਾਂ ਦਾ ਫੋਨ ਆਇਆ। ਜਿਨ੍ਹਾਂ ਨੇ ਦੱਸਿਆ ਕਿ ਸਚਿਨ ਰਾਮ ਨਗਰ ਦੇ ਡੀਡੀ ਸਕੂਲ ਨੇੜੇ ਖਾਲੀ ਪਲਾਟ ਵਿੱਚ ਬੇਹੋਸ਼ ਡਿੱਗਿਆ ਪਿਆ ਹੈ। ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਸਚਿਨ ਦੀ ਲਾਸ਼ ਕੋਲ ਉਸ ਦੀਆਂ ਚੱਪਲਾਂ ਵੀ ਨਹੀਂ ਸਨ। ਉੱਥੇ ਪਾਣੀ ਦੀਆਂ ਦੋ ਖਾਲੀ ਬੋਤਲਾਂ ਪਈਆਂ ਸਨ। ਉਨ੍ਹਾਂ ਤੁਰੰਤ ਚੌਕੀ ਮੁੰਡੀਆਂ ਪੁਲੀਸ ਨੂੰ ਸੂਚਿਤ ਕੀਤਾ।
ਸਚਿਨ ਨੂੰ ਸੁੰਦਰ ਨਗਰ ਨੇੜੇ ਇਕ ਪ੍ਰਾਈਵੇਟ ਡਾਕਟਰ ਕੋਲ ਲੈ ਕੇ ਗਏ ਪਰ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਸਚਿਨ ਦੀ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ 'ਚ ਰਖਵਾਇਆ ਗਿਆ। ਉਸ ਦੇ ਪਿਤਾ ਬੈਜੂ ਗੁਪਤਾ ਦੇ ਪਿੰਡ ਤੋਂ ਵਾਪਸ ਆਉਣ ਤੋਂ ਬਾਅਦ ਲਾਸ਼ ਉਨ੍ਹਾਂ ਨੂੰ ਸੌਂਪ ਦਿੱਤੀ ਜਾਵੇਗੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।