
ਪਿਛਲੇ ਸੱਤ ਸਾਲਾਂ ਵਿਚ ਗਰੈਂਡ ਸਲੈਮ ਮੈਚ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ
ਨਿਊ ਯਾਰਕ, 2 ਸਤੰਬਰ : ਸੁਮਿਤ ਨਾਗਲ ਯੂਐਸ ਓਪਨ ਟੈਨਿਸ ਟੂਰਨਾਮੈਂਟ ਦੇ ਪਹਿਲੇ ਗੇੜ ਵਿਚ ਅਮਰੀਕਾ ਦੇ ਬ੍ਰੈਂਡਲੀ ਕਲਾਨ ਨੂੰ ਹਰਾ ਕੇ ਪਿਛਲੇ ਸੱਤ ਸਾਲਾਂ ਵਿਚ ਗਰੈਂਡ ਸਲੈਮ ਟੂਰਨਾਮੈਂਟ ਸਿੰਗਲ ਮੈਚ ਜਿੱਤਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਦੂਜੇ ਗੇੜ ਵਿਚ ਉਨ੍ਹਾਂ ਦਾ ਮੁਕਾਬਲਾ ਵਿਸ਼ਵ ਵਿਚ ਨੰਬਰ ਤਿੰਨ ਦਰਜੇ ਵਾਲੇ ਡੋਮਨਿਕ ਥੀਮ ਨਾਲ ਹੋਵੇਗਾ। ਫ਼ਲਾਸ਼ਿੰਗ ਮੀਡੋਜ਼ 'ਤੇ ਪਿਛਲੇ ਸਾਲ ਰੋਜਰ ਫ਼ੇਡਰਰ ਵਿਰੁਧ ਇਕ ਸੈਟ ਜਿੱਤਣ ਵਾਲੇ ਨਾਗਲ ਨੇ ਮੰਗਲਵਾਰ ਦੀ ਰਾਤ ਸਥਾਨਕ ਖਿਡਾਰੀ ਕਲਾਨ ਨੂੰ ਦੋ ਘੰਟੇ 12 ਮਿੰਟ ਤਕ ਚਲੇ ਮੈਚ ਵਿਚ 6-1, 6-3, 3-6, 6-1 ਨਾਲ ਹਰਾਇਆ। ਕਲਾਨ ਵਿਸ਼ਵ ਦਰਜਾਬੰਦੀ ਵਿਚ ਨਾਗਲ ਤੋਂ ਕੇਵਲ ਇਕ ਸਥਾਨ ਅੱਗੇ 125ਵੇਂ 'ਤੇ ਹਨ। ਇਸ ਤੋਂ ਪਹਿਲਾਂ ਸੋਮਦੇਵ ਦੇਵਵਰਮਨ ਕਿਸੇ ਗਰੈਂਡ ਸਲੈਮ ਦੇ ਮੁੱਖ ਡਰਾਅ ਦੇ ਸਿੰਗਲ ਮੈਚ ਵਿਚ ਜਿੱਤ ਦਰਜ ਕਰਨ ਵਾਲੇ ਆਖ਼ਰੀ ਭਾਰਤੀ ਖਿਡਾਰੀ ਸਨ। ਉਨ੍ਹਾਂ ਨੇ ਵੀ 2013 ਵਿਚ ਯੂਐਸ ਓਪਨ ਵਿਚ ਕਵਾਲੀਫ਼ਾਇਰ ਦੇ ਰੂਪ ਵਿਚ ਪ੍ਰਵੇਸ਼ ਕਰ ਕੇ ਸਲੋਵਾਕਿਆ ਦੇ ਲੁਕਾਸ ਲੈਕਾ ਨੂੰ ਹਰਾਇਆ ਸੀ। ਨਾਗਲ ਨੇ ਕਿਹਾ,''ਮੈਂ 2013 ਵਿਚ ਇਥੇ ਜੂਨੀਅਰ ਵਰਗ ਲਈ ਕੁਆਲੀਫ਼ਾਇਰ ਦੇ ਰੂਪ ਵਿਚ ਪ੍ਰਵੇਸ਼ ਕੀਤਾ ਸੀ। ਹੁਣ ਮੈਂ ਪਹਿਲੇ ਗੇੜ ਵਿਚ ਜਿੱਤ ਦਰਜ ਕੀਤੀ ਜੋ ਮੇਰੇ ਲਈ ਕਾਫੀ ਮਾਇਨੇ ਰਖਦੀ ਹੈ। ਮੈਂ ਇਕੇ ਖੇਡਣ ਦਾ ਲੁਤਫ਼ ਉਠਾ ਰਿਹਾ ਹਾਂ ਅਤੇ ਕੁਝ ਮੌਕਿਆਂ 'ਤੇ ਇਸ ਦਾ ਮੈਨੂੰ ਫ਼ਾਇਦਾ ਵੀ ਮਿਲਿਆ।'' (ਪੀਟੀਆਈ)
image