
ਡਾ. ਗੁਰਨਾਮ ਸਿੰਘ ਨੂੰ ਮਿਲੇਗਾ 'ਭਾਈ ਮਰਦਾਨਾ ਯਾਦਗਾਰੀ ਐਵਾਰਡ'
ਪਟਿਆਲਾ, 2 ਸਤੰਬਰ (ਤੇਜਿੰਦਰ ਫ਼ਤਿਹਪੁਰ) : ਗੁਰਮਤਿ ਸੰਗੀਤ ਵਿਭਾਗ ਅਤੇ ਗੁਰਮਤਿ ਸੰਗੀਤ ਚੇਅਰ ਦੇ ਬਾਨੀ ਮੁਖੀ ਅਤੇ ਗੁਰਮਤਿ ਸੰਗੀਤ ਵਿਸ਼ੇ ਨੂੰ ਅਕਾਦਮਿਕ ਤੌਰ 'ਤੇ ਸਥਾਪਿਤ ਕਰਨ ਵਿਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਗੁਰਮਤਿ ਸੰਗੀਤਾਚਾਰੀਆ, ਪੰਜਾਬੀ ਯੂਨੀਵਰਸਟੀ ਪਟਿਆਲਾ ਦੇ ਸਾਬਕਾ ਡੀਨ ਅਕਾਦਮਿਕ, ਡੀਨ ਰਿਸਰਚ, ਡੀਨ ਅਲੂਮਨੀ, ਡੀਨ ਫ਼ੈਕਲਟੀ ਆਫ਼ ਆਰਟਸ ਐਂਡ ਕਲਚਰ ਰਹੇ ਡਾ. ਗੁਰਨਾਮ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਭਾਈ ਮਰਦਾਨਾ ਯਾਦਗਾਰੀ ਐਵਾਰਡ ਨਾਲ ਨਿਵਾਜਿਆ ਜਾਵੇਗਾ।
ਪਿਛਲੇ ਦਿਨੀ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸਿੱਖ ਪੰਥ ਦੀਆਂ 11 ਨਾਮਵਰ ਸ਼ਖ਼ਸੀਅਤਾਂ ਨੂੰ ਸਨਮਾਨਤ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਸੀ, ਜਿਸ ਵਿਚ ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਗੀ ਰਹੇ ਪਹਿਲੇ ਰਬਾਬੀ ਭਾਈ ਮਰਦਾਨਾ ਜੀ ਦੀ ਯਾਦ ਵਿਚ ਦਿਤੇ ਜਾਣ ਵਾਲੇ ਭਾਈ ਮਰਦਾਨਾ ਯਾਦਗਾਰੀ ਐਵਾਰਡ ਲਈ ਡਾ. ਗੁਰਨਾਮ ਸਿੰਘ ਨੂੰ ਚੁਣਿਆ ਗਿਆ ਹੈ। ਜ਼ਿਕਰਯੋਗ ਹੈ ਕਿ ਡਾ. ਗੁਰਨਾਮ ਸਿੰਘ ਨੂੰ ਕੁਝ ਸਮਾਂ ਪਹਿਲਾਂ ਸੰਗੀਤ ਨਾਟਕ ਅਕਾਦਮੀ ਐਵਾਰਡ ਨਾਲ ਰਾਸ਼ਟਰਪਤੀ ਵਲੋਂ ਸਨਮਾਨਤ ਕੀਤਾ ਜਾ ਚੁੱਕਾ ਹੈ। ਡਾ. ਗੁਰਨਾਮ ਸਿੰਘ ਗੁਰਮਤਿ ਸੰਗੀਤ ਦੇ ਖੇਤਰ ਵਿਚ ਅਪਣੇ ਖੋਜ ਅਧਿਐਨ, ਅਧਿਆਪਨ ਦੁਆਰਾ ਪਿਛਲੇ 35 ਸਾਲਾਂ ਤੋਂ ਕਾਰਜਸ਼ੀਲ ਹਨ। ਇੰਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਮੁੱਖ ਰਾਗਾਂ ਅਤੇ ਉਨਾਂ ਦੇ ਰਾਗ ਪ੍ਰਕਾਰਾਂ ਵਿਚ ਕੀਰਤਨ ਦੀ ਰਿਕਾਰਡਿੰਗ ਕਰਵਾਉਣ ਦਾ ਇਤਿਹਾਸਕ ਕਾਰਜ ਕੀਤਾ।
ਸਕੂਲਾਂ ਕਾਲਜਾਂ ਯੂਨੀਵਰਸਟੀਆਂ ਤੇ ਵਿਸ਼ਵ ਭਰ ਵਿਚ ਰੈਗੂਲਰ, ਆਨ ਲਾਈਨ ਗੁਰਮਤਿ ਸੰਗੀਤ ਵਿਸ਼ਾ ਲਾਗੂ ਕਰਵਾਉਣ, ਗੁਰਮਤਿ ਸੰਗੀਤ ਚੇਅਰ, ਗੁਰਮਤਿ ਸੰਗੀਤ ਵਿਭਾਗ, ਗੁਰਮਤਿ ਸੰਗੀਤ ਭਵਨ, ਕੀਰਤਨ ਆਰਕਾਈਵ, ਆਨ ਲਾਈਨ ਸਟੱਡੀ ਸੈਂਟਰ ਸਥਾਪਿਤ ਕਰਨ, ਸ੍ਰੀ ਦਰਬਾਰ ਸਾਹਿਬ ਸਮੇਤ ਕੁੱਲ ਦੁਨੀਆਂ ਵਿਚ ਤੰਤੀ ਸਾਜ਼ਾਂ ਦੀ ਪੁਨਰ ਸੁਰਜੀਤੀimage ਲਈ ਡਾ. ਗੁਰਨਾਮ ਸਿੰਘ ਦੀ ਮੋਹਰੀ 'ਤੇ ਇਤਿਹਾਸਕ ਭੂਮਿਕਾ ਰਹੀ ਹੈ। ਡਾ. ਗੁਰਨਾਮ ਸਿੰਘ ਨੂੰ ਸ਼੍ਰੋਮਣੀ ਕੀਰਤਨਕਾਰ, ਹਰਿਵੱਲਭ ਸੰਗੀਤ ਸੰਮੇਲਨ, ਪੰਜਾਬ ਸਰਕਾਰ, ਸੰਗੀਤ ਸੰਮਤੀ ਅਤੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਸਥਾਵਾਂ ਸਨਮਾਨਤ ਕਰ ਚੁੱਕੀਆਂ ਹਨ। ਡਾ. ਗੁਰਨਾਮ ਸਿੰਘ ਨੂੰ ਇਹ ਐਵਾਰਡ ਦਿਤੇ ਜਾਣ 'ਤੇ ਗੁਰਮਤਿ ਸੰਗੀਤ ਸੇਵੀਆਂ ਅਤੇ ਪੰਜਾਬੀ ਯੂਨੀਵਰਸਟੀ ਪਟਿਆਲਾ ਵਿਚ ਖ਼ੁਸ਼ੀ ਦੀ ਲਹਿਰ ਹੈ।
ਫੋਟੋ ਨੰ: 2 ਪੀਏਟੀ 16