
ਸੜਕ ਹਾਦਸੇ ਵਿਚ ਸਾਬਕਾ ਰਣਜੀ ਖਿਡਾਰੀ ਸ਼ੇਖਰ ਗਵਲੀ ਦਾ ਦਿਹਾਂਤ
ਨਾਸਿਕ, 2 ਸਤੰਬਰ : ਮਹਾਰਾਸ਼ਟਰ ਦੇ ਸਾਬਕਾ ਰਣਜੀ ਖਿਡਾਰੀ ਸ਼ੇਖਰ ਗਵਲੀ ਦੀ ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਵਿਚ 250 ਫੁਟ ਡੂੰਘੀ ਖੱਡ ਵਿਚ ਡਿੱਗਣ ਨਾਲ ਮੌਤ ਹੋ ਗਈ। ਪੁਲਿਸ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ। ਮਹਾਰਾਸ਼ਟਰ ਲਈ 2 ਪਹਿਲੀ ਸ਼੍ਰੇਣੀ ਮੈਚ ਖੇਡਣ ਵਾਲੇ 45 ਸਾਲ ਦੇ ਗਵਲੀ ਮੰਗਲਵਾਰ ਸ਼ਾਮ ਅਪਣੇ ਕੁਝ ਦੋਸਤਾਂ ਨਾਲ ਨਾਸਿਕ ਦੇ ਇਗਤਪੁਰੀ ਹਿਲ ਸਟੇਸ਼ਨ ਵਿਚ ਟਰੈਕਿੰਗ ਲਈ ਗਏ ਸਨ। ਪੁਲਿਸ ਨੇ ਦਸਿਆ ਕਿ ਕਥਿਤ ਤੌਰ 'ਤੇ ਸੰਤੁਲਨ ਵਿਗੜਨ ਕਾਰਨ ਸ਼ੇਖਰ ਗਵਲੀ ਖੱਡ ਵਿਚ ਡਿੱਗ ਗਏ। ਇਗਤਪੁਰੀ ਪੁਲਿਸ ਥਾਣੇ ਦੇ ਇਕ ਅਧਿਕਾਰੀ ਨੇ ਦਸਿਆ ਕਿ, ''ਉਨ੍ਹਾਂ ਦੀ ਲਾਸ਼ ਬੁਧਵਾਰ ਸਵੇਰੇ ਲਗਭਗ 10 ਵਜੇ ਮਿਲੀ। ਪੋਸਟਮਾਰਟਮ ਤੋਂ ਬਾਅਦ ਲਾਸ਼ ਪ੍ਰਵਾਰ ਨੂੰ ਸੌਂਪ ਦਿਤੀ ਜਾਵੇਗੀ।'' ਗਵਲੀ ਇਸ ਤੋਂ ਪਹਿਲਾਂ ਮਹਾਰਾਸ਼ਟਰ ਕ੍ਰਿਕਟ ਟੀਮ ਦੇ ਸਹਾਇਕ ਕੋਚ ਸਨ ਅਤੇ ਫਿਲਹਾਲ ਅੰਡਰ-23 ਟੀਮ ਦੇ ਫਿਟਨੈਸ ਟਰੇਨਰ ਦੀ ਭੂਮਿਕਾ ਨਿਭਾ imageਰਹੇ ਸਨ। ਗਵਲੀ ਸੱਜੇ ਹੱਥ ਦੇ ਬੱਲੇਬਾਜ਼ ਅਤੇ ਲੈਗ ਸਪਿਨਰ ਸਨ। (ਪੀਟੀਆਈ)