
ਕਾਂਗਰਸ ਤੇ ‘ਆਪ’ ਦੇ ਸ਼ਰਾਰਤੀ ਅਨਸਰ ਸਥਿਤੀ ਵਿਗਾੜ ਰਹੇ ਹਨ : ਮਜੀਠੀਆ
ਚੰਡੀਗੜ੍ਹ, 2 ਸਤੰਬਰ (ਜੀ.ਸੀ. ਭਾਰਦਵਾਜ): ਸ਼੍ਰੋਮਣੀ ਅਕਾਲੀ ਦਲ ਤੇ ਬੀ.ਐਸ.ਪੀ. ਗਠਜੋੜ ਵਲੋਂ ਆਪਸੀ ਚੋਣ ਸਮਝੌਤੇ ਉਪਰੰਤ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਛੇੜੀ 100 ਦਿਨਾਂ ਪ੍ਰਚਾਰ ਮੁਹਿੰਮ ਤਹਿਤ ਉਨ੍ਹਾਂ ਦੇ ਕਾਫ਼ਲਿਆਂ ’ਤੇ ਹਮਲੇ ਅਤੇ ਹੋਰ ਕਈ ਤਰ੍ਹਾਂ ਦੀਆਂ ਪਾਈਆਂ ਅੜਚਨਾਂ ਤੋਂ ਦੁਖੀ ਤੇ ਗੁੱਸੇ ਵਿਚ ਆਏ ਸੀਨੀਅਰ ਨੇਤਾ ਤੇ ਸਾਬਕਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਮੀਡੀਆ ਸਾਹਮਣੇ ਕਿਹਾ ਹੈ ਕਿ ਇਸ ਸਾਰੀ ਸ਼ਰਾਰਤ ਪਿਛੇ ਕਾਂਗਰਸ ਸਰਕਾਰ, ਇਸ ਦੇ ਨੇਤਾ ਤੇ ਵਿਸ਼ੇਸ਼ ਕਰ ਕੇ ਮਾਝੇ ਦੇ ਮੰਤਰੀ ਹਨ ਜੋ ਖ਼ੁਦ ਮੁੱਖ ਮੰਤਰੀ ਤੋਂ ਝਾ ਖਾ ਕੇ ਨਿਰਾਸ਼ ਹੋਈ ਬੈਠੇ ਹਨ। ਅੱਜ ਦੀ ਪ੍ਰੈਸ ਕਾਨਫ਼ਰੰਸ ਵਿਚ ਸ. ਮਜੀਠੀਆ ਨੇ ਖੁਲ੍ਹ ਕੇ ਕਿਹਾ ਕਿ ਉਹ ਬਿਲਕੁਲ ਵੀ ਨਹੀਂ ਡਰਦੇ ਅਤੇ ਭਾਵੇਂ ਉਹ ਵਿਰੁਧ ਗੋਲੀਬਾਰੀ ਵੀ ਕਿਉਂ ਨਾ ਹੋ ਜਾਵੇ। ਅਕਾਲੀ ਨੇਤਾ ਨੇ ਬਾਘਾਪੁਰਾਣਾ, ਸ੍ਰੀ ਹਰਗੋਬਿੰਦਪੁਰ, ਮਜੀਠਾ ਹਲਕੇ, ਮਲੋਟ, ਬਟਾਲਾ, ਮੋਗਾ ਤੇ ਹੋਰ ਥਾਵਾਂ ਵਿਚ ਅਕਾਲੀ ਦਲ ਦੇ ਕਾਫ਼ਲਿਆਂ ਉਪਰ ਕੀਤੇ ਹਮਲਿਆਂ ਦਾ ਵੇਰਵਾ ਦਿੰਦਿਆਂ ਕਿਹਾ ਕਿ ਕਿਸਾਨੀ ਝੰਡਿਆਂ ਦੀ ਆੜ ਵਿਚ ਇਹ ਸਾਰੇ ਸ਼ਰਾਰਤੀ ਨੇਤਾ ਤੇ ਗੁੰਡਾ ਅਨਸਰ ਸਥਿਤੀ ਨੂੰ ਵਿਗਾੜ ਰਹੇ ਹਨ ਅਤੇ ਕੇਂਦਰ ਦੀ ਬੀਜੇਪੀ ਸਰਕਾਰ ਨੂੰ ਮੌਕਾ ਦੇ ਰਹੇ ਹਨ ਕਿ ਪੰਜਾਬ ਵਿਚ ਰਾਸ਼ਟਰਪਤੀ ਰਾਜ ਹੋਵੇ, ਚੋਣਾਂ ਅੱਗੇ ਪੈ ਜਾਣ ਅਤੇ ਕਿਸਾਨੀ ਅੰਦੋਲਨ ਠੁੱਸ ਹੋ ਜਾਵੇ।
ਉਨ੍ਹਾਂ ਤੱਥ, ਦਸਤਾਵੇਜ਼, ਫ਼ੋਟੋ ਤੇ ਹੋਰ ਵੇਰਵੇ ਦਿੰਦਿਆਂ ਕਿਹਾ ਕਿ ਕਿਵੇਂ ਕਾਂਗਰਸ ਤੇ ‘ਆਪ’ ਦੇ ਨੇਤਾ ਤੇ ਉਨ੍ਹਾਂ ਦੇ ਨਜ਼ਦੀਕੀ ਪੁਲਿਸ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਅਕਾਲੀ ਨੇਤਾਵਾਂ ਉਪਰ ਹਮਲੇ ਕਰਾ ਰਹੇ ਹਨ।
ਮਜੀਠੀਆ ਨੇ ਤਾੜਨਾ ਕੀਤੀ ਕਿ ਜੇ ਇਹੋ ਜਿਹੀਆਂ ਘਟਨਾਵਾਂ ਦੌਰਾਨ ਸਿਆਸੀ ਨੇਤਾ ਨਾਲ ਕੁੱਝ ਗੰਭੀਰ ਵਾਪਰ ਗਿਆ ਤਾਂ ਸਾਰੀ ਜ਼ਿੰਮੇਵਾਰੀ ਡੀ.ਜੀ.ਪੀ. ਅਤੇ ਕਾਂਗਰਸ ਸਰਕਾਰ ਦੀ ਹੋਵੇਗੀ। ਉਨ੍ਹਾਂ ਇਹ ਵੀ ਠੋਕ ਕੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਧ ਰਹੇ ਪ੍ਰਚਾਰ, ਪੰਜਾਬ ਦੇ ਵੋਟਰ ਤੇ ਹੋਰ ਨੇਤਾਵਾਂ ਵਲੋਂ ਦਿਤੇ ਜਾ ਰਹੇ ਸਮਰਥਨ ਤੋਂ ਕਾਂਗਰਸ ਤੇ ‘ਆਪ’ ਬੁਖਲਾਹਟ ਵਿਚ ਹਨ ਅਤੇ ਮਿਲ ਕੇ ਘਟਨਾਵਾਂ ਰਚ ਰਹੇ ਹਨ ਜਿਸ ਨਾਲ ਚੋਣ ਮਾਹੌਲ ਖ਼ਰਾਬ ਹੋ ਜਾਵੇਗਾ ਅਤੇ ਕੇਂਦਰ ਸਰਕਾਰ ਨੂੰ ਗ਼ਲਤ ਫ਼ੈਸਲੇ ਲੈਣ ਦਾ ਮੌਕਾ ਮਿਲ ਜਾਵੇਗਾ। ਮਜੀਠੀਆ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੀ ਸਾਂਝੀ ਪ੍ਰਚਾਰ ਮੁਹਿੰਮ ਪੰਜਾਬ ਵਿਚ ਪੂਰੇ 100 ਦਿਨ ਚਲੇਗੀ ਤੇ ਅਗਲੀ ਸਰਕਾਰ ਇਸ ਗਠਜੋੜ ਦੀ ਹੋਵੇਗੀ।
ਫ਼ੋਟੋ: ਸੰਤੋਖ ਸਿੰਘ ਵਲੋਂ