
ਮਹਿੰਗਾਈ ਵਿਰੁਧ ਮਹਿਲਾ ਕਾਂਗਰਸ ਦਾ ਪ੍ਰਦਰਸ਼ਨ, ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਬਾਹਰ ਕੀਤੀ ਨਾਹਰੇਬਾਜ਼ੀ
ਨਵੀਂ ਦਿੱਲੀ, 2 ਸਤੰਬਰ : ਮਹਿਲਾ ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਨੇਟਾ ਡਿਸੂਜਾ ਦੀ ਅਗਵਾਈ ਵਿਚ ਮਹਿਲਾ ਕਾਂਗਰਸ ਵਰਕਰਾਂ ਨੇ ਵਧਦੀ ਮਹਿੰਗਾਈ ਵਿਰੁਧ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕੀਤਾ।
ਮਹਿਲਾ ਵਰਕਰਾਂ ਨੇ ਰਸੋਈ ਗੈਸ ਅਤੇ ਹੋਰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿਚ ਵਾਧੇ ਵਿਰੁਧ ਪ੍ਰਧਾਨ ਮੰਤਰੀ ਦੀ ਰਿਹਾਇਸ਼ ਬਾਹਰ ਸਰਕਾਰ ਵਿਰੁਧ ਨਾਹਰੇਬਾਜ਼ੀ ਕੀਤੀ। ਇਸ ਦੌਰਾਨ ਉੱਥੇ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਸਖ਼ਤ ਘੇਰਾਬੰਦੀ ਕੀਤੀ। ਮਹਿਲਾ ਕਾਂਗਰਸ ਨੇ ਦਸਿਆ ਕਿ ਪੁਲਿਸ ਨੇ ਰਸੋਈ ਗੈਸ ਦੀਆਂ ਕੀਮਤਾਂ ਵਿਰੁਧ ਪ੍ਰਦਰਸ਼ਨ ਕਰ ਰਹੀਆਂ ਮਹਿਲਾ ਵਰਕਰਾਂ ਨੂੰ ਹਿਰਾਸਤ ਵਿਚ ਲੈ ਲਿਆ, ਇਹਨਾਂ ਵਿਚ ਮਹਿਲਾ ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਵੀ ਸ਼ਾਮਲ ਸੀ। ਬੀਤੇ ਦਿਨ ਰਸੋਈ ਗੈਸ ਦੀਆਂ ਕੀਮਤਾਂ ਵਿਚ 25 ਰੁਪਏ ਦਾ ਵਾਧਾ ਹੋਇਆ ਹੈ। ਤੇਲ ਕੰਪਨੀਆਂ ਵਲੋਂ ਜਾਰੀ ਕੀਤੀਆਂ ਗਈਆਂ ਨਵੀਆਂ ਕੀਮਤਾਂ ਤੋਂ ਬਾਅਦ ਦਿੱਲੀ ਵਿਚ 14.2 ਕਿਲੋਗ੍ਰਾਮ ਵਾਲੇ ਸਿਲੰਡਰ ਦੀ ਕੀਮਤ ਹੁਣ 884.50 ਰੁਪਏ ਹੋ ਗਈ ਹੈ। ਇਸ ਨੂੰ ਲੈ ਕੇ ਕਾਂਗਰਸ ਵਲੋਂ ਲਗਾਤਾਰ ਸਰਕਾਰ ’ਤੇ ਹਮਲੇ ਬੋਲੇ ਜਾ ਰਹੇ ਹਨ। (ਏਜੰਸੀ)