
ਜਮਸ਼ੇਦਪੁਰ ਤੋਂ ਬਾਅਦ ਟਾਟਾ ਸਟੀਲ ਦਾ ਦੂਸਰਾ ਸੁਪਰ ਮੈਗਾ ਪ੍ਰਾਜੈਕਟ ਲੁਧਿਆਣਾ 'ਚ
• ਮੁੱਖ ਮੰਤਰੀ ਮਾਨ ਨੇ ਟਾਟਾ ਗਰੁੱਪ ਨੂੰ ਸੌਂਪਿਆ ਜ਼ਮੀਨ ਦਾ ਅਲਾਟਮੈਂਟ ਪੱਤਰ
• ਮੁੱਖ ਮੰਤਰੀ ਦੇ ਯਤਨਾਂ ਸਦਕਾ 2600 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਹੋਵੇਗਾ ਪ੍ਰਾਜੈਕਟ
• ਕੱਚੇ ਮਾਲ ਦੇ ਤੌਰ 'ਤੇ ਹੋਵੇਗੀ ਸਕਰੈਪ ਦੀ ਵਰਤੋਂ
ਚੰਡੀਗੜ੍ਹ : ਪੰਜਾਬ ਨੇ ਉਦਯੋਗਿਕ ਵਿਕਾਸ ਵਲ ਪੈੜਾਂ ਪੁਟਣੀਆਂ ਸ਼ੁਰੂ ਕਰ ਦਿਤੀਆਂ ਹਨ | ਲੁਧਿਆਣਾ ਵਿਚ ਕਰੋੜਾਂ ਰੁਪਏ ਦੀ ਲਾਗਤ ਨਾਲ ਪਹਿਲਾ ਸਕਰੈਪ ਆਧਾਰਤ ਸਟੀਲ ਪਲਾਂਟ ਸਥਾਪਤ ਹੋਣ ਜਾ ਰਿਹਾ ਹੈ ਅਤੇ ਇਸ ਲਈ ਜ਼ਮੀਨ ਦੀ ਅਲਾਟਮੈਂਟ ਵੀ ਹੋ ਚੁਕੀ ਹੈ | ਦਸ ਦਈਏ ਕਿ ਇਹ ਸਟੀਲ ਪਲਾਂਟ ਵਿਚ ਨਿਵੇਸ਼ ਉਦਯੋਗਕ ਜਗਤ ਦੀ ਨਾਮੀ ਕੰਪਨੀ ਟਾਟਾ ਗਰੁੱਪ ਵਲੋਂ ਕੀਤਾ ਜਾ ਰਿਹਾ ਹੈ |
ਟਾਟਾ ਗਰੁੱਪ ਇਸ ਪ੍ਰਾਜੈਕਟ ਦੇ ਪਹਿਲੇ ਪੜਾਅ ਵਿਚ ਲਗਭਗ 2600 ਕਰੋੜ ਰੁਪਏ ਦਾ ਨਿਵੇਸ਼ ਕਰੇਗਾ ਜਿਸ ਨਾਲ ਲੁਧਿਆਣਾ ਵਿਖੇ ਪੰਜਾਬ ਸਰਕਾਰ ਦੇ ਹਾਈ-ਟੈਕ ਵੈਲੀ ਇੰਡਸਟਰੀਅਲ ਪਾਰਕ ਦੇ ਨਾਲ ਸਟੀਲ ਪਲਾਂਟ ਸਥਾਪਤ ਹੋਵੇਗਾ | ਜਾਣਕਾਰੀ ਅਨੁਸਾਰ ਟਾਟਾ ਗਰੁੱਪ ਨੂੰ ਪਹਿਲੇ ਪੜਾਅ ਵਿਚ ਲੁਧਿਆਣਾ ਵਿਖੇ ਬਹੁ ਕਰੋੜੀ ਸਕਰੈਪ ਆਧਾਰਤ ਸਟੀਲ ਪਲਾਂਟ ਸਥਾਪਤ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਜ਼ਮੀਨ ਅਲਾਟਮੈਂਟ ਦਾ ਪੱਤਰ ਸੌਂਪਿਆ ਗਿਆ ਹੈ | ਟਾਟਾ ਗਰੁੱਪ ਦੀ ਪੰਜਾਬ ਵਿਚ ਆਮਦ ਨਾਲ ਸੂਬੇ ਦੇ ਸਨਅਤੀਕਰਨ ਲਈ ਨਵੇਂ ਰਾਹ ਖੋਲ੍ਹਣਗੇ ਕਿਉਂਕਿ ਇਹ ਨਾਮਵਰ ਕੰਪਨੀ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਦੇ ਨਾਲ-ਨਾਲ ਸੂਬੇ ਵਿਚ ਨਵਾਂ ਨਿਵੇਸ਼ ਲਿਆਉਣ ਵਿਚ ਵੀ ਮਦਦਗਾਰ ਸਾਬਤ ਹੋਵੇਗੀ | ਦਸਣਯੋਗ ਹੈ ਕਿ ਵਿਸ਼ਵ ਪੱਧਰ ਦੀ ਇਸ ਮੋਹਰੀ ਕੰਪਨੀ ਦਾ ਪੰਜਾਬ ਵਿਚ ਇਹ ਪਹਿਲਾ ਨਿਵੇਸ਼ ਹੈ | ਇਸ ਵੱਡੇ ਉਦਯੋਗਿਕ ਸਮੂਹ ਵਲੋਂ ਇਹ ਨਿਵੇਸ਼ ਕਰਨ ਨਾਲ ਸੂਬੇ ਦੇ ਉਦਯੋਗਿਕ ਵਿਕਾਸ ਦੀ ਗਤੀ ਹੋਰ ਤੇਜ਼ ਹੋਵੇਗੀ | ਉਧਰ ਭਗਵੰਤ ਮਾਨ ਸਰਕਾਰ ਨੇ ਵੀ ਪੂਰਾ ਭਰੋਸਾ ਦਿਵਾਇਆ ਹੈ ਕਿ ਸੂਬੇ ਵਿਚ ਇਸ ਪਹਿਲੇ ਸਕਰੈਪ ਆਧਾਰਤ ਸਟੀਲ ਪਲਾਂਟ ਦੀ ਸਥਾਪਨਾ ਅਤੇ ਇਸ ਨੂੰ ਕਾਰਜਸ਼ੀਲ ਬਣਾਉਣ ਵਿਚ ਟਾਟਾ ਗਰੁੱਪ ਨੂੰ ਪੂਰਾ ਸਹਿਯੋਗ ਦਿਤਾ ਜਾਵੇਗਾ |