
ਮੁੱਖ ਮੰਤਰੀ ਵਲੋਂ ਉਦਯੋਗਿਕ ਵਿਕਾਸ ਲਈ ਸਨਅਤੀ ਦਿੱਗਜ਼ਾਂ ਨੂੰ ਸਰਗਰਮ ਭਾਈਵਾਲ ਬਣਨ ਦਾ ਸੱਦਾ
ਪੰਜਾਬ ਦੇਸ਼ ਦਾ ਉਦਯੋਗਿਕ ਧੁਰਾ ਬਣਨ ਦੇ ਰਾਹ 'ਤੇ
ਚੰਡੀਗੜ੍ਹ : ਪੰਜਾਬ ਨੂੰ ਆਰਥਿਕ ਪੱਖ ਤੋਂ ਮਜ਼ਬੂਤ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਿਨ-ਰਾਤ ਕੰਮ ਕਰ ਰਹੀ ਹੈ ਅਤੇ ਕਈ ਅਹਿਮ ਫ਼ੈਸਲੇ ਵੀ ਲਏ ਜਾ ਚੁਕੇ ਹਨ | ਇਨ੍ਹਾਂ ਵਿਚੋਂ ਇਕ ਪੰਜਾਬ ਵਿਚ ਉਦਯੋਗ ਨੂੰ ਹੁਲਾਰਾ ਦੇਣਾ ਹੈ | ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਆਰਥਿਕ ਪੱਖੋਂ ਮੋਹਰੀ ਬਣਾਉਣ ਦੇ ਮਕਸਦ ਨਾਲ ਉਦਯੋਗਪਤੀਆਂ ਅਤੇ ਵੱਡੇ ਕਾਰੋਬਾਰੀਆਂ ਨਾਲ ਗੱਲਬਾਤ ਕੀਤੀ ਹੈ | ਉਨ੍ਹਾਂ ਉਦਯੋਗਪਤੀਆਂ ਨੂੰ ਪੰਜਾਬ ਵਿਚ ਕਾਰੋਬਾਰ ਕਰਨ ਦਾ ਸੱਦਾ ਦਿਤਾ ਹੈ | ਇਸ ਨਾਲ ਸਿਰਫ਼ ਉਦਯੋਗਿਕ ਵਿਕਾਸ ਹੀ ਨਹੀਂ ਸਗੋਂ ਸੁਹਿਰਦ ਮਾਹੌਲ ਸਿਰਜਣ ਲਈ ਸਰਗਰਮ ਭਾਈਵਾਲ ਬਣਨ ਵੱਲ ਵੀ ਵੱਡਾ ਕਦਮ ਸਾਬਤ ਹੋਵੇਗਾ | ਪੰਜਾਬ ਸਰਕਾਰ ਦੇ ਇਸ ਫ਼ੈਸਲੇ ਨਾਲ ਸੂਬੇ ਦੇ ਨੌਜਵਾਨਾਂ ਲਈ ਵੀ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ ਅਤੇ ਪੰਜਾਬ ਦੇਸ਼ ਦਾ ਉਦਯੋਗਿਕ ਧੁਰਾ ਬਣਨ ਵਿਚ ਕਾਮਯਾਬੀ ਹਾਸਲ ਕਰੇਗਾ | ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਦਯੋਗਪਤੀਆਂ ਅਤੇ ਕਾਰੋਬਾਰੀਆਂ ਨਾਲ ਗਲਬਾਤ ਕਰਦਿਆਂ ਨੇ ਜ਼ੋਰ ਦੇ ਕੇ ਕਿਹਾ ਕਿ ਸੁਖਾਵੇਂ ਮਾਹੌਲ ਕਾਰਨ ਸੂਬਾ ਨਿਵੇਸ਼ ਲਈ ਪਸੰਦੀਦਾ ਸਥਾਨ ਵਜੋਂ ਉਭਰਿਆ ਹੈ | ਇਸ ਦੇ ਨਾਲ ਹੀ ਭਗਵੰਤ ਮਾਨ ਸਰਕਾਰ ਵਲੋਂ ਸਮਰਪਿਤ ਸਿੰਗਲ ਵਿੰਡੋ ਸਿਸਟਮ, ਕਿਫ਼ਾਇਤੀ ਬਿਜਲੀ ਅਤੇ ਹੋਰ ਰਿਆਇਤਾਂ ਦੇ ਰੂਪ ਵਿਚ ਦਿਤੀਆਂ ਕਈ ਸਹੂਲਤਾਂ ਕਾਰਨ ਕਾਰਪੋਰੇਟ ਦਿੱਗਜ਼ਾਂ ਲਈ ਸੂਬੇ ਵਿਚ ਮਾਹੌਲ ਸਾਜ਼ਗਾਰ ਹੈ | ਇਸ ਤੋਂ ਇਲਾਵਾ ਕੰਮ ਦੀ ਭਾਲ ਵਿਚ ਵਿਦੇਸ਼ਾਂ ਵਲ ਜਾ ਰਹੀ ਨੌਜਵਾਨੀ ਨੂੰ ਵੀ ਸੂਬੇ ਵਿਚ ਹੀ ਰੁਜ਼ਗਾਰ ਦੇ ਕੇ ਉਨ੍ਹਾਂ ਲਈ ਕਮਾਈ ਵਾਸਤੇ ਸੁਖਾਵਾਂ ਵਾਤਾਵਰਨ ਸਿਰਜਿਆ ਜਾਵੇਗਾ | ਭਗਵੰਤ ਮਾਨ ਸਰਕਾਰ ਵਲੋਂ ਲੋਕਾਂ ਅਤੇ ਕਾਰੋਬਾਰੀਆਂ ਨੂੰ ਧਿਆਨ ਵਿਚ ਰੱਖ ਕੇ ਲਏ ਅਜਿਹੇ ਫ਼ੈਸਲਿਆਂ ਨਾਲ ਨਾ ਸਿਰਫ਼ ਸੂਬੇ ਦਾ ਵਿਕਾਸ ਹੋਵੇਗਾ ਸਗੋਂ ਖ਼ੁਸ਼ਹਾਲੀ ਵੀ ਆਵੇਗੀ ਅਤੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ |