
ਖਾਦ ਤੇ ਦਵਾਈਆਂ ਦੇ ਸੈਂਪਲ ਭਰਨ ਮਗਰੋਂ ਕੀਤੀ ਕਾਰਵਾਈ
ਫ਼ਰੀਦਕੋਟ - ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਵੱਡੀ ਕਾਰਵਾਈ ਕਰਦਿਆਂ ਮੁੱਖ ਖੇਤੀਬਾੜੀ ਅਫ਼ਸਰ ਫ਼ਰੀਦਕੋਟ ਦੀ ਅਗਵਾਈ ਵਿਚ ਕੀਟ-ਨਾਸ਼ਕ ਅਤੇ ਖਾਦ ਦੇ ਵਿਕਰੇਤਾਵਾਂ ਦੀ ਅਚਨਚੇਤ ਚੈਕਿੰਗ ਅਤੇ ਸੈਂਪਲਿੰਗ ਕੀਤੀ ਗਈ। ਇਸ ਦੌਰਾਨ ਮੈਸਰਜ਼ ਬ੍ਰਿਜ ਲਾਲ ਪ੍ਰਿੰਸ ਕੁਮਾਰ ਜੈਤੋ ਦੇ ਖਾਦ ਦੇ ਰਿਟੇਲ ਅਤੇ ਹੋਲਸੇਲ ਗੋਦਾਮਾਂ ਦੀ ਚੈਕਿੰਗ ਕਰਦਿਆਂ ਪਤਾ ਲੱਗਾ ਕਿ ਨਕਸ਼ਿਆਂ ਅਨੁਸਾਰ ਗੋਦਾਮਾਂ ਦਾ ਕਾਫ਼ੀ ਭਾਗ ਅਣ-ਅਧਿਕਾਰਿਤ ਹੈ ਅਤੇ ਇਸ ਵਿਚ ਪਈਆਂ ਖਾਦਾਂ ਅਤੇ ਦਵਾਈਆਂ ਦਾ ਸਟਾਕ ਨੋਟ ਕਰ ਕੇ ਇਸ ਦੀ ਸੇਲ ਮੌਕੇ ’ਤੇ ਹੀ ਬੰਦ ਕਰ ਦਿੱਤੀ ਗਈ।
ਇਸ ਤੋਂ ਬਿਨਾਂ ਖਾਦਾਂ ਅਤੇ ਦਵਾਈਆਂ ਦੇ ਬਹੁਤ ਪ੍ਰੋਡਕਟ ਬਿਨਾਂ ਅਧਿਕਾਰ-ਪੱਤਰ ਦਰਜ ਕਰਵਾਏ ਵੇਚੇ ਜਾ ਰਹੇ ਸਨ, ਸਟਾਕ ਰਜਿਸਟਰ ਆਪਣੀ ਮਰਜ਼ੀ ਨਾਲ ਹੀ ਲਗਾਏ ਹੋਏ ਸਨ, ਵਿਭਾਗ ਨੇ ਆਪਣੇ ਕਬਜ਼ੇ ’ਚ ਲੈ ਲਏ ਹਨ। ਕਿਸਾਨਾਂ ਨੂੰ ਕੰਪਿਊਟਰਾਈਜ਼ਡ ਬਿੱਲ ਦਿੱਤੇ ਜਾ ਰਹੇ ਸਨ ਜਿੰਨ੍ਹਾਂ ਦੀ ਵਿਭਾਗ ਵੱਲੋਂ ਕੋਈ ਮਨਜ਼ੂਰੀ ਨਹੀਂ ਗਈ, ਬਿੱਲਾਂ ’ਤੇ ਕਿਸੇ ਕਿਸਾਨ ਦੇ ਦਸਤਖ਼ਤ ਨਹੀਂ ਕਰਵਾਏ ਗਏ ਅਤੇ ਨਾ ਹੀ ਖੇਤੀਬਾੜੀ ਵਿਭਾਗ ਨੂੰ ਕੋਈ ਮਹੀਨਾਵਾਰ ਰਿਪੋਰਟ ਨਹੀਂ ਦਿੱਤੀ ਗਈ।
ਇਹਨਾਂ ਸਾਰੀਆਂ ਗਤੀਵਿਧੀਆਂ ਨੂੰ ਦੇਖਦੇ ਹੋਏ ਮੈਸਰਜ਼ ਬ੍ਰਿਜ ਲਾਲ ਪ੍ਰਿੰਸ ਕੁਮਾਰ ਦਾ ਖਾਦ ਕੰਟਰੋਲ ਹੁਕਮ 1985 ਤਹਿਤ ਖਾਦਾਂ (ਰਿਟੇਲ ਅਤੇ ਹੋਲਸੇਲ) ਦਾ ਲਾਇਸੈਂਸ 21 ਦਿਨ ਲਈ ਅਤੇ ਇਨਸੈਕਟੀਸਾਈਡਜ਼ ਐਕਟ 1968 ਤਹਿਤ ਦਵਾਈਆਂ ਦਾ ਲਾਇਸੈਂਸ 30 ਦਿਨ ਲਈ ਮੁਅੱਤਲ ਕਰ ਦਿੱਤੇ ਗਏ ਹਨ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜੈਤੋ ਦੇ ਮੈਂਬਰ ਅਤੇ ਪ੍ਰੈੱਸ ਦੇ ਨੁਮਾਇੰਦੇ ਵੀ ਹਾਜ਼ਰ ਸਨ। ਇਸ ਮੁਕੰਮਲ ਕਾਰਵਾਈ ਦੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ।