
29 ਸਤੰਬਰ ਨੂੰ ਹੋਵੇਗੀ ਸੁਣਵਾਈ
ਚੰਡੀਗੜ੍ਹ: ਪੰਜਾਬੀ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰਮਾਈਂਡ ਲਾਰੈਂਸ ਬਿਸ਼ਨੋਈ ਦੇ ਚੰਡੀਗੜ੍ਹ ਅਦਾਲਤ ਤੋਂ ਪ੍ਰੋਡਕਸ਼ਨ ਵਰੰਟ ਜਾਰੀ ਕੀਤੇ ਗਏ ਹਨ। ਅਦਾਲਤ ਨੇ ਇਹ ਵਰੰਟ 3 ਸਾਲ ਪੁਰਾਣੇ ਸੋਨੂੰ ਸ਼ਾਹ ਕਤਲ ਕੇਸ ਵਿਚ ਜਾਰੀ ਕੀਤਾ ਹੈ। ਬਿਸ਼ਨੋਈ ਦੇ ਪ੍ਰੋਡਕਸ਼ਨ ਵਰੰਟ ਪਹਿਲਾਂ ਵੀ ਜਾਰੀ ਕੀਤੇ ਗਏ ਸਨ ਪਰ ਉਦੋਂ ਚੰਡੀਗੜ੍ਹ ਪੁਲਿਸ ਉਸ ਨੂੰ ਅਦਾਲਤ ’ਚ ਪੇਸ਼ ਨਹੀਂ ਕਰ ਸਕੀ ਸੀ। ਹੁਣ ਇਸ ਮਾਮਲੇ ਦੀ ਸੁਣਵਾਈ 29 ਸਤੰਬਰ ਨੂੰ ਹੋਵੇਗੀ। ਇਸ ਕੇਸ ਵਿਚ ਲਾਰੈਂਸ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਉਹ ਕਿਸੇ ਹੋਰ ਅਪਰਾਧਿਕ ਮਾਮਲੇ ਵਿਚ ਮੁਹਾਲੀ ਪੁਲਿਸ ਦੀ ਹਿਰਾਸਤ ਵਿਚ ਹੈ।
ਸੋਨੂੰ ਸ਼ਾਹ ਕਤਲ ਕੇਸ ’ਚ ਲਾਰੈਂਸ ਦੇ ਨਾਲ ਅਭਿਸ਼ੇਕ ਉਰਫ਼ ਬੰਟੀ ਵੀ ਸ਼ਾਮਲ ਹੈ। ਇਨ੍ਹਾਂ ਦੋਵਾਂ ਵਿੱਚੋਂ ਅਭਿਸ਼ੇਕ ਨੂੰ ਪਿਛਲੀ ਸੁਣਵਾਈ ਦੌਰਾਨ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ ਗਿਆ ਸੀ। ਲਾਰੈਂਸ ਨੂੰ ਪੇਸ਼ ਕੀਤਾ ਜਾਣਾ ਅਜੇ ਬਾਕੀ ਹੈ। ਪ੍ਰੋਡਕਸ਼ਨ ਵਾਰੰਟ ਹੋਣ ਦੇ ਬਾਵਜੂਦ ਲਾਰੈਂਸ ਨੂੰ ਪੇਸ਼ ਨਹੀਂ ਕੀਤਾ ਗਿਆ। ਇਸ ਲਈ ਅਦਾਲਤ ਨੇ ਲਾਰੈਂਸ ਲਈ ਦੁਬਾਰਾ ਪ੍ਰੋਡਕਸ਼ਨ ਵਾਰੰਟ ਜਾਰੀ ਕਰ ਕੇ ਉਸ ਨੂੰ ਅਦਾਲਤ ਵਿਚ ਪੇਸ਼ ਕਰਨ ਲਈ ਕਿਹਾ ਹੈ। ਲਾਰੈਂਸ ਬਿਸ਼ਨੋਈ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਵੀ ਪੇਸ਼ ਕੀਤਾ ਜਾ ਸਕਦਾ ਹੈ।
ਪੁਲਿਸ ਮੁਤਾਬਿਕ ਪ੍ਰਾਪਰਟੀ ਡੀਲਰ ਸੋਨੂੰ ਸ਼ਾਹ ਦਾ ਕਤਲ ਲਾਰੈਂਸ ਬਿਸ਼ਨੋਈ ਦੇ ਕਹਿਣ ’ਤੇ ਕੀਤਾ ਗਿਆ ਸੀ। ਉਹ ਕੇਬਲ ਦਾ ਕਾਰੋਬਾਰ ਕਰਦਾ ਸੀ ਅਤੇ ਸੈਕਟਰ-45 ਬੁੜੈਲ ਵਿਚ ਰਹਿੰਦਾ ਸੀ। 28 ਸਤੰਬਰ 2019 ਨੂੰ 4 ਨੌਜਵਾਨ ਬੁੜੈਲ ਸਥਿਤ ਉਸ ਦੇ ਦਫ਼ਤਰ ਵਿਚ ਆਏ ਅਤੇ ਗੋਲੀਆਂ ਚਲਾ ਦਿੱਤੀਆਂ। ਇਸ ਵਿਚ ਸੋਨੂੰ ਸ਼ਾਹ ਮਾਰਿਆ ਗਿਆ। ਇਸ ਦੇ ਨਾਲ ਹੀ ਉਸ ਦੇ ਦੋ ਸਾਥੀ ਜੋਗਿੰਦਰ ਪਹਿਲਵਾਨ ਅਤੇ ਰੋਮੀ ਜ਼ਖਮੀ ਹੋ ਗਏ ਸਨ। ਸੋਨੂੰ ਸ਼ਾਹ ਦਾ ਦੇ ਕਾਤਲਾਂ ਦੀਆਂ ਤਸਵੀਰਾਂ ਦਫ਼ਤਰ ਦੇ ਅੰਦਰ ਅਤੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈਆਂ ਸਨ।
ਮੁਲਜ਼ਮਾਂ ਵੱਲੋਂ ਕੁੱਲ 14 ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ ਵਿੱਚੋਂ 12 ਖ਼ੋਲ ਪੁਲਿਸ ਨੂੰ ਮੌਕੇ ਤੋਂ ਮਿਲੇ ਹਨ। ਪੁਲਿਸ ਨੇ ਪਿਛਲੇ ਸਾਲ ਨਵੰਬਰ ਵਿਚ ਅਦਾਲਤ ਵਿਚ ਚਾਰਜਸ਼ੀਟ ਦਾਖ਼ਲ ਕੀਤੀ ਸੀ। ਦੱਸ ਦੇਈਏ ਕਿ ਸੋਨੂੰ ਸ਼ਾਹ ਕਤਲ ਕੇਸ ਵਿਚ ਪੁਲਿਸ ਨੇ 7 ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਬਾਕੀ ਮੁਲਜ਼ਮਾਂ ਵਿਚ ਅਭਿਸ਼ੇਕ, ਰਾਜੂ ਬਸੋਦੀ, ਰਾਜਨ ਉਰਫ਼ ਜਾਟ, ਧਰਮਿੰਦਰ, ਮਨਜੀਤ ਅਤੇ ਸ਼ੁਭਮ ਪ੍ਰਜਾਪਤੀ ਸ਼ਾਮਲ ਹਨ। ਉਨ੍ਹਾਂ ਖ਼ਿਲਾਫ਼ ਕਤਲ ਦੀ ਕੋਸ਼ਿਸ਼, ਅਪਰਾਧਿਕ ਸਾਜ਼ਿਸ਼ ਰਚਣ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ ।