
ਬੱਚੀ ਸਰਕਾਰੀ ਹਸਪਤਾਲ ’ਚ ਦਾਖਲ
ਖੰਨਾ: ਹਿੰਦੀ ਪੁੱਤਰੀ ਪਾਠਸ਼ਾਲਾ ਸੀਨੀਅਰ ਸੈਕੰਡਰੀ ਸਕੂਲ 'ਚ ਇੱਕ ਅਧਿਆਪਕਾ ਵੱਲੋਂ ਚੌਥੀ ਜਮਾਤ ਦੀ ਵਿਦਿਆਰਥਣ ਨੂੰ ਬੁਰੇ ਤਰੀਕੇ ਨਾਲ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਪਿਆਂ ਨੇ ਆਪਣੀ ਬੱਚੀ ਨੂੰ ਖੰਨਾ ਦੇ ਸਰਕਾਰੀ ਹਸਪਤਾਲ ਦਾਖਲ ਕਰਾ ਕੇ ਕਾਰਵਾਈ ਦੀ ਮੰਗ ਕੀਤੀ।
ਦੂਜੇ ਪਾਸੇ ਬੱਚੀ ਦਾ ਹਾਲ ਜਾਣਨ ਆਈ ਸਕੂਲ ਪ੍ਰਿੰਸੀਪਲ ਨੇ ਆਪਣੀ ਅਧਿਆਪਕਾ ਦਾ ਹੀ ਪੱਖ ਪੂਰਿਆ ਜਦਕਿ ਅਧਿਆਪਕਾ ਨੇ ਕੈਮਰੇ ਸਾਹਮਣੇ ਵੀ ਬੱਚੀ ਨੂੰ ਕੁੱਟਣ ਦੀ ਗੱਲ ਸਵੀਕਾਰ ਕੀਤੀ।
ਸਰਕਾਰੀ ਹਸਪਤਾਲ ਵਿਖੇ ਜੇਰੇ ਇਲਾਜ ਬੱਚੀ ਨੇ ਦੱਸਿਆ ਕਿ ਮੀਨਾ ਨਾਮਕ ਅਧਿਆਪਕਾ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ। ਕੰਨ ਫੜ ਕੇ ਵਾਲ ਖਿੱਚੇ ਗਏ। ਉਸ ਦੇ ਲਗਾਤਾਰ ਥੱਪੜ ਮਾਰੇ ਗਏ। ਉਸ ਨੂੰ ਕੰਧ ’ਚ ਮਾਰਿਆ ਗਿਆ। ਇਸ ਤੋਂ ਪਹਿਲਾਂ ਹੀ ਇਹ ਅਧਿਆਪਕਾ ਇਸੇ ਤਰ੍ਹਾਂ ਬੱਚਿਆਂ ਨਾਲ ਕੁੱਟਮਾਰ ਕਰਦੀ ਹੈ। ਬੱਚੀ ਦੀ ਮਾਤਾ ਰੀਨਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਰੋਂਦੇ ਹੋਏ ਘਰ ਆਈ ਤਾਂ ਦੇਖਿਆ ਕਿ ਉਸ ਦੀ ਬੇਟੀ ਦਾ ਮੂੰਹ ਤੇ ਕੰਨ ਲਾਲ ਪਏ ਸੀ। ਮੂੰਹ ਉੱਪਰ ਨਿਸ਼ਾਨ ਪਏ ਹੋਏ ਸੀ। ਬੱਚੀ ਨੇ ਦੱਸਿਆ ਕਿ ਉਸ ਨੂੰ ਅਧਿਆਪਕਾ ਨੇ ਬੁਰੇ ਤਰੀਕੇ ਨਾਲ ਕੁੱਟਿਆ ਹੈ।