
Punjab News: ਉਕਤਾਨ ਕੋਲੋਂ ਵੀ 15 ਦਿਨਾਂ ਦੇ ਅੰਦਰ ਅੰਦਰ ਸਪੱਸ਼ਟੀਕਰਨ ਮੰਗਿਆ ਗਿਆ ਹੈ।
Punjab News: ਤਖ਼ਤਾਂ ਦੇ ਜਥੇਦਾਰਾਂ ਵਲੋਂ ‘ਸੁਖਬੀਰ ਸਿੰਘ ਬਾਦਲ’ ਨੂੰ ਤਨਖ਼ਾਹ ਲਾਉਣ ਅਤੇ 15 ਦਿਨਾਂ ਦੇ ਅੰਦਰ ਅੰਦਰ ਗੁਨਾਹਾਂ ਦੀ ਮਾਫ਼ੀ ਮੰਗਣ ਦੇ ਦਿਤੇ ਹੁਕਮਾਂ ਦੀ ਕਾਪੀ ਸੰਗਤਾਂ ਜਾਂ ਪੱਤਰਕਾਰਾਂ ਨੂੰ ਦੇਣ ਦੀ ਜ਼ਰੂਰਤ ਨਾ ਸਮਝੀ ਪਰ ਹੁਣ ਰੋਜ਼ਾਨਾ ਸਪੋਕਸਮੈਨ ਦੇ ਇਸ ਪੱਤਰਕਾਰ ਦੇ ਹੱਥ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਲੋਂ ਜਾਰੀ ਉਹ ਪੱਤਰ ਲੱਗਾ ਹੈ, ਜਿਸ ਵਿਚ ਸਾਲ 2007 ਤੋਂ 2017 ਤਕ ਦੇ ਬਾਦਲ ਸਰਕਾਰ ਦੇ ਕਾਰਜਕਾਲ ਦੌਰਾਨ ਮੰਤਰੀ ਰਹੇ 17 ਹੋਰਨਾ ਕੋਲੋਂ ਵੀ ਸਪੱਸ਼ਟੀਕਰਨ ਮੰਗਿਆ ਗਿਆ ਹੈ।
ਇਹ ਸਾਰੀ ਕਾਰਵਾਈ ਬਹੁਤ ਗੁਪਤ ਢੰਗ ਨਾਲ ਕੀਤੀ ਜਾ ਰਹੀ ਹੈ। ਪੰਥਕ ਹਲਕਿਆਂ ਵਿਚ ਗੁੱਸਾ, ਰੋਸ ਅਤੇ ਰੋਹ ਪੈਦਾ ਹੋਣਾ ਸੁਭਾਵਿਕ ਹੈ, ਕਿਉਂਕਿ ਤਖ਼ਤਾਂ ਦੇ ਜਥੇਦਾਰਾਂ ਨੂੰ ਐਹੋ ਜਿਹੀਆਂ ਅਹਿਮ ਗੱਲਾਂ ਦਾ ਸੰਗਤਾਂ ਤੋਂ ਉਹਲਾ ਨਹੀਂ ਰੱਖਣਾ ਚਾਹੀਦਾ।
ਜਾਣਕਾਰੀ ਅਨੁਸਾਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਨਿਜੀ ਸਹਾਇਕ ਪ੍ਰੋ. ਸੁਖਦੇਵ ਸਿੰਘ ਦੇ ਦਸਤਖ਼ਤਾਂ ਹੇਠ ਜਾਰੀ ਪੱਤਰ ਨੰਬਰ ਅ ਤ/24/341 ਮੁਤਾਬਕ ਸਾਲ 2007 ਤੋਂ 2017 ਤਕ ਅਕਾਲੀ-ਭਾਜਪਾ ਗਠਜੋੜ ਸਰਕਾਰ ਵਿਚ ਮੰਤਰੀ ਰਹੇ ਬੀਬੀ ਉਪਿੰਦਰਜੀਤ ਕੌਰ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਗੁਲਜ਼ਾਰ ਸਿੰਘ ਰਣੀਕੇ, ਪਰਮਿੰਦਰ ਸਿੰਘ ਢੀਂਡਸਾ, ਸੁੱਚਾ ਸਿੰਘ ਲੰਗਾਹ, ਜਨਮੇਜਾ ਸਿੰਘ ਸੇਖੋਂ, ਹੀਰਾ ਸਿੰਘ ਗਾਬੜੀਆ, ਸਰਵਨ ਸਿੰਘ ਫਿਲੋਰ, ਸੋਹਨ ਸਿੰਘ ਠੰਡਲ, ਦਲਜੀਤ ਸਿੰਘ ਚੀਮਾ, ਸਿਕੰਦਰ ਸਿੰਘ ਮਲੂਕਾ, ਬੀਬੀ ਜਗੀਰ ਕੌਰ, ਬਿਕਰਮ ਸਿੰਘ ਮਜੀਠੀਆ, ਮਨਪ੍ਰੀਤ ਸਿੰਘ ਬਾਦਲ, ਸ਼ਰਨਜੀਤ ਸਿੰਘ ਢਿੱਲੋਂ, ਸੁਰਜੀਤ ਸਿੰਘ, ਮਹੇਸ਼ਇੰਦਰ ਸਿੰਘ ਗਰੇਵਾਲ ਆਦਿ ਨੂੰ ਵੀ ਤਖ਼ਤਾਂ ਦੇ ਜਥੇਦਾਰਾਂ ਦੇ ਸਰਬਸੰਮਤੀ ਨਾਲ ਹੋਏ ਫ਼ੈਸਲੇ ਮੁਤਾਬਕ ਸੁਖਬੀਰ ਬਾਦਲ ਪ੍ਰਧਾਨ ਅਕਾਲੀ ਦਲ ਦੇ ਨਾਲ ਬਰਾਬਰ ਦੇ ਜ਼ਿੰਮੇਵਾਰ ਆਖਿਆ ਗਿਆ ਹੈ। ਉਕਤਾਨ ਕੋਲੋਂ ਵੀ 15 ਦਿਨਾਂ ਦੇ ਅੰਦਰ ਅੰਦਰ ਸਪੱਸ਼ਟੀਕਰਨ ਮੰਗਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਡਾ ਦਲਜੀਤ ਸਿੰਘ ਚੀਮਾ, ਗੁਲਜ਼ਾਰ ਸਿੰਘ ਰਣੀਕੇ, ਸ਼ਰਨਜੀਤ ਸਿੰਘ ਢਿੱਲੋਂ ਅਤੇ ਮਹੇਸ਼ਇੰਦਰ ਸਿੰਘ ਗਰੇਵਾਲ ਵਲੋਂ ਅਪਣਾ ਸਪੱਸ਼ਟੀਕਰਨ ਅਕਾਲ ਤਖ਼ਤ ਦੇ ਦਫ਼ਤਰ ਵਿਖੇ ਸੋਂਪ ਦਿਤਾ ਗਿਆ ਹੈ ਅਤੇ ਬਾਕੀ ਦੇ ਸਾਬਕਾ ਮੰਤਰੀਆਂ ਦੇ ਸਪੱਸ਼ਟੀਕਰਨ ਦੀ ਉਡੀਕ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਉਕਤਾਨ ਵਿਚੋਂ ਬੀਬੀ ਜਗੀਰ ਕੌਰ ਅਤੇ ਪਰਮਿੰਦਰ ਸਿੰਘ ਢੀਂਡਸਾ ਅਕਾਲੀ ਦਲ ਸੁਧਾਰ ਲਹਿਰ ਵਿਚ ਹਨ। ਸਿਕੰਦਰ ਸਿੰਘ ਮਲੂਕਾ, ਆਦੇਸ਼ ਪ੍ਰਤਾਪ ਸਿੰਘ ਕੈਰੋਂ ਤੇ ਸੁੱਚਾ ਸਿੰਘ ਲੰਗਾਹ ਬਾਦਲ ਦਲ ਨਾਲੋਂ ਨਰਾਜ਼ ਚੱਲ ਰਹੇ ਹਨ, ਜਦਕਿ ਮਨਪ੍ਰੀਤ ਸਿੰਘ ਬਾਦਲ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਭਾਜਪਾ ਵਿਚ ਸ਼ਾਮਲ ਹੋ ਚੁੱਕੇ ਹਨ।