
ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ
ਤਰਨ ਤਾਰਨ : ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਤਰਨ ਤਾਰਨ ਪੁਲਿਸ ਨੇ ਸਾਂਝੇ ਅਪ੍ਰੇਸ਼ਨ ਦੌਰਾਨ ਵਿਦੇਸ਼ੀ ਅੱਤਵਾਦੀ ਲਖਵੀਰ ਸਿੰਘ ਉਰਫ ਲੰਡਾ ਦੇ ਦੋ ਕਰੀਬੀ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਹਿਚਾਣ ਵਿਕਰਮਜੀਤ ਸਿੰਘ ਉਰਫ ਵਿੱਕੀ ਅਤੇ ਹਰਪ੍ਰੀਤ ਸਿੰਘ ਉਰਫ ਪ੍ਰਿੰਸ ਵਜੋਂ ਹੋਈ ਹੈ। ਜਿਨ੍ਹਾਂ ਕੋਲੋਂ ਦੋ ਪਿਸਤੌਲ ਅਤੇ 9 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।
ਵਿਕਰਮਜੀਤ ਸਿੰਘ ਉਰਫ ਵਿੱਕੀ ਇਕ ਭਗੌੜਾ ਅਪਰਾਧੀ ਹੈ ਅਤੇ ਉਹ ਮਾਰਚ 2024 ’ਚ ਤਰਨ ਤਾਰਨ ਦੇ ਥਾਣਾ ਝਬਾਲ ਵਿਖੇ ਦਰਜ ਕਤਲ ਦੀ ਕੋਸ਼ਿਸ਼ ਦੇ ਮਾਮਲੇ ’ਚ ਲੋੜੀਂਦਾ ਸੀ। ਜਦਕਿ ਉਸਦੇ ਸਾਥੀ ਅਜੈਪਾਲ ਉਰਫ ਮੋਟਾ ਨੂੰ ਮਾਰਚ 2025 ’ਚ ਗੋਲੀਬਾਰੀ ਤੋਂ ਬਾਅਦ ਤਰਨ ਤਾਰਨ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ।
ਗ੍ਰਿਫ਼ਤਾਰ ਦੋਵੇਂ ਵਿਅਕਤੀਆਂ ਦਾ ਅਪਰਾਧਿਕ ਪਿਛੋਕੜ ਹੈ, ਜਿਨ੍ਹਾਂ ’ਤੇ ਕਤਲ ਦੀ ਕੋਸ਼ਿਸ਼, ਐਨਡੀਪੀਐਸ ਐਕਟ,ਅਸਲਾ ਐਕਟ ਅਤੇ ਸਨੈਚਿੰਗ ਦੇ ਮਾਮਲੇ ਦਰਜ ਹਨ। ਉਨ੍ਹਾਂ ਦੀ ਗ੍ਰਿਫ਼ਤਾਰੀ ਕਈ ਲੰਬਿਤ ਮਾਮਲਿਆਂ ਨੂੰ ਹੱਲ ਕਰਨ ਵਿਚ ਵੀ ਮਦਦਗਾਰ ਸਾਬਤ ਹੋਵੇਗੀ।