
ਮੈਂ ਦੁਨੀਆਂ ਵਿਚ ਕਿਸੇ ਤੋਂ ਨਹੀਂ ਡਰਾਂਗਾ ਤੇ ਬੇਇਨਸਾਫ਼ੀ ਅੱਗੇ ਨਹੀਂ ਝੁਕਾਂਗਾ : ਰਾਹੁਲ ਗਾਂਧੀ
ਨਵੀਂ ਦਿੱਲੀ, 2 ਅਕਤੂਬਰ : ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਦੀ ਅਗਵਾਈ ਵਿਚ ਹਜ਼ਾਰਾਂ ਕਾਂਗਰਸੀ ਵਰਕਰ ਹਾਥਰਸ ਲਈ ਰਵਾਨਾ ਹੋਏ ਸਨ, ਪਰ ਗ੍ਰੇਟਰ ਨੋਇਡਾ ਤੋਂ ਅੱਗੇ ਨਹੀਂ ਵਧ ਸਕੇ। ਉਨ੍ਹਾਂ ਨੂੰ ਉਥੇ ਹੀ ਹਿਰਾਸਤ ਵਿਚ ਲੈ ਲਿਆ ਗਿਆ, ਪਰ ਬਾਅਦ ਵਿਚ ਰਿਹਾਅ ਕਰ ਦਿਤਾ। ਹੁਣ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਗਾਂਧੀ ਜਯੰਤੀ 'ਤੇ ਇਕ ਟਵੀਟ ਕਰਦੇ ਹੋਏ ਕੇਂਦਰ ਸਰਕਾਰ ਖ਼ਿਲਾਫ਼ ਬੋਲਦਿਆਂ ਕਿਹਾ ਕਿ ''ਮੈਂ ਦੁਨੀਆ 'ਚ ਕਿਸੇ ਤੋਂ ਨਹੀਂ ਡਰਾਂਗਾ। ਮੈਂ ਬੇਇਨਸਾਫ਼ੀ ਦੇ ਅੱਗੇ ਝੁਕਾਂਗਾ ਨਹੀਂ।'' ਦੱਸ ਦਈਏ ਕਿ ਯੂਪੀ ਪੁਲਿਸ ਨੇ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਸਮੇਤ 203 ਕਾਂਗਰਸੀ ਨੇਤਾਵਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਐਫਆਈਆਰ ਵਿਚ ਇਨ੍ਹਾਂ ਲੋਕਾਂ ਖ਼ਿਲਾਫ਼ ਕਈ ਗੰਭੀਰ ਧਾਰਾਵਾਂ ਲਗਾਈਆਂ ਗਈਆਂ ਹਨ। ਇਹ ਕੇਸ ਗੌਤਮ ਬੁੱਧ ਨਗਰ ਪੁਲਿਸ ਨੇ ਦਾਇਰ ਕੀਤਾ ਹੈ। ਆਈਪੀਸੀ ਦੀ ਧਾਰਾ 188 ਅਤੇ ਧਾਰਾ 149 ਦੀ ਉਲੰਘਣਾ ਕਰਨ ਅਤੇ ਮਹਾਂਮਾਰੀ ਦੌਰਾਨ ਆਮ ਲੋਕਾਂ ਦੀ ਜਾਨ ਨੂੰ ਖ਼ਤਰੇ ਵਿਚ ਪਾਉਣ ਲਈ ਧਾਰਾ 269, 270 ਤਹਿਤ ਕੇਸ ਦਰਜ ਕੀਤਾ ਗਿਆ ਹੈ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਜਨਰਲ ਸੈਕਟਰੀ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਵੀਰਵਾਰ ਨੂੰ ਦਿੱਲੀ ਨੇੜੇ ਗ੍ਰੇਟਰ ਨੋਇਡਾ ਵਿਚ ਹਿਰਾਸਤ 'ਚ ਲੈ ਲਿਆ ਗਿਆ ਸੀ। ਜਦੋਂ ਦੋਵੇਂ ਦਲਿਤ ਲੜਕੀ ਦੇ ਪਰਵਾਰ ਨੂੰ ਮਿਲਣ ਹਥਰਾਸ ਜਾਣ ਬਾਰੇ ਅੜ ਗਏ ਸਨ। ਉੱਤਰ ਪ੍ਰਦੇਸ਼ ਪੁਲਿਸ ਨੇ ਕਿਹਾ ਕਿ ਰਾਹੁਲ ਗਾਂਧੀ, ਪ੍ਰਿਯੰਕਾ ਅਤੇ 150 ਹੋਰ ਨੇਤਾਵਾਂ ਨੂੰ ਮਨਾਹੀ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਹਿਰਾਸਤ ਵਿਚ ਲਿਆ ਗਿਆ ਸੀ, ਪਰ ਨਿਜੀ ਬਾਂਡ ਜਮ੍ਹਾ ਕਰਨ ਤੋਂ ਬਾਅਦ ਰਿਹਾ ਕਰ ਦਿਤਾ ਗਿਆ ਸੀ।ਯਾਦ ਰਹੇ ਕਿ ਕਿਸਾਨ ਅੰਦੋਲਨ ਵਿਚ ਤਾਕਤ ਭਰਨ ਲਈ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਇਸ ਹਫ਼ਤੇ ਪੰਜਾਬ ਵੀ ਆ ਰਹੇ ਹਨ। ਰਾਹੁਲ ਗਾਂਧੀ ਵੱਲੋਂ 3,4 ਅਤੇ 5 ਅਕਤੂਬਰ ਨੂੰ ਪੰਜਾਬ ਵਿਚ ਟਰੈਕਟਰ ਰੈਲੀ ਕੱਢੀ ਜਾਵੇਗੀ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸੂਬੇ ਦੇ ਹੋਰ ਸੀਨੀਅਰ ਕਾਂਗਰਸੀ ਲੀਡਰ ਮੌਜੂਦ ਰਹਿਣਗੇ। (ਪੀਟੀਆਈ)