
ਮੋਦੀ ਸਰਕਾਰ ਦੇਸ਼ ਨੂੰ ਤਾਲਿਬਾਨੀ ਤਰੀਕੇ ਨਾਲ ਚਲਾ ਰਹੀ ਹੈ : ਬਰਿੰਦਰ ਰਾਵਤ
ਚੰਡੀਗੜ੍ਹ, 2 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ) : ਅੱਜ ਰੋਜ਼ਾਨਾ ਸਪੋਕਸਮੈਨ ਦੇ ਦਫ਼ਤਰ 'ਚ ਕਾਂਗਰਸ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਨਵ-ਨਿਯੁਕਤ ਇੰਚਾਰਜ ਹਰੀਸ਼ ਰਾਵਤ ਦੇ ਪੁੱਤਰ ਬਰਿੰਦਰ ਰਾਵਤ ਵਿਸ਼ੇਸ਼ ਤੌਰ 'ਤੇ ਪਹੁੰਚੇ। ਗੱਲਬਾਤ ਕਰਦਿਆਂ ਯੂ.ਪੀ. 'ਚ ਵਾਪਰੀ ਬਲਾਤਕਾਰ ਦੀ ਘਟਨਾ ਸਬੰਧੀ ਪੁਛੇ ਸਵਾਲ ਦੇ ਜਵਾਬ 'ਚ ਬਰਿੰਦਰ ਰਾਵਤ ਨੇ ਕਿਹਾ ਕਿ ਦੇਸ਼ ਅੰਦਰ ਇਸ ਸਮੇਂ ਤਾਲਿਬਾਨੀ ਰਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਯੂ.ਪੀ. ਦੇ ਹਾਥਰਸ ਇਲਾਕੇ 'ਚ ਵਾਪਰੀ ਇਸ ਨਿਰਦਈ ਘਟਨਾ ਨੂੰ ਲੈ ਕੇ ਪੂਰਾ ਦੇਸ਼ ਗੁੱਸੇ 'ਚ ਹੈ ਜਦਕਿ ਦੂਜੇ ਪਾਸੇ ਯੋਗੀ ਸਰਕਾਰ ਇਸ ਘਟਨਾ ਨੂੰ ਹੋਰ ਰੰਗਤ ਦੇਣ 'ਚ ਲੱਗੀ ਹੋਈ ਹੈ। ਇਥੋਂ ਤਕ ਕਿ ਜਦੋਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੇ ਪੀੜਤ ਪਰਵਾਰ ਦਾ ਹਾਲ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨਾਲ ਅਤਿ ਭੱਦਾ ਵਰਤਾਉ ਕੀਤਾ ਗਿਆ। ਇਥੋਂ ਤਕ ਕਿ ਪੁਲਿਸ ਵਾਲਿਆਂ ਨੇ ਉਨ੍ਹਾਂ ਨਾਲ ਧੱਕਾ ਮੁੱਕੀ ਕੀਤੀ, ਜਿਸ 'ਚ ਰਾਹੁਲ ਗਾਂਧੀ ਦੇ ਸੱਟਾਂ ਵੀ ਲੱਗੀਆਂ ਹਨ। ਪੁਲਿਸ ਦੇ ਇਸ ਵਤੀਰੇ ਤੋਂ ਭਾਰਤ ਸਰਕਾਰ ਦੀ ਵਿਰੋਧੀ ਧਿਰਾਂ ਦੀ ਆਵਾਜ਼ ਨੂੰ ਦਬਾਉਣ ਦੀ ਮਨੋਬਿਰਤੀ ਉਜਾਗਰ ਹੁੰਦੀ ਹੈ।
ਘਟਨਾ ਨੂੰ ਯੂ.ਪੀ. ਸਰਕਾਰ ਵਲੋਂ ਪਹਿਲਾ ਫ਼ਰਜ਼ੀ ਖ਼ਬਰ ਕਰਾਰ ਦੇਣ ਅਤੇ ਮਾਮਲਾ ਦਰਜ ਕਰਨ 'ਚ ਆਨਾਕਾਨੀ ਕਰਨ ਸਬੰਧੀ ਪੁਛੇ ਸਵਾਲ ਦੇ ਜਵਾਬ 'ਚ ਬਰਿੰਦਰ ਰਾਵਤ ਨੇ ਕਿਹਾ ਕਿ ਯੂ.ਪੀ. ਸਰਕਾਰ ਲੋਕੰਤਤਰ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕਰ ਰਹੀ ਹੈ। ਇਥੋਂ ਤਕ ਕੇ ਪੱਤਰਕਾਰਾਂ ਨੂੰ ਵੀ ਘਟਨਾ ਦੀ ਕਵਰੇਜ ਕਰਨ ਤੋਂ ਰੋਕਿਆ ਗਿਆ ਹੈ। ਇਕ ਵਾਇਰਲ ਵੀਡੀਉ 'ਚ ਡੀ.ਐਮ. ਲੜਕੀ ਦੇ ਪਿਤਾ ਨੂੰ ਧਮਕਾਉਣ ਦੀ ਕੋਸ਼ਿਸ਼ ਕਰਦਾ ਵਿਖਾਈ ਦੇ ਰਿਹਾ ਹੈ।
ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਰਾਹੁਲ ਗਾਂਧੀ ਇਨ੍ਹਾਂ ਦੇ ਤਾਲਿਬਾਨੀ ਰਵੱਈਏ ਨੂੰ ਬੇਪਰਦ ਕਰਦੇ ਆ ਰਹੇ ਹਨ। ਰਾਹੁਲ ਗਾਂਧੀ ਨੇ ਕੋਵਿਡ ਸਬੰਧੀ ਵੀ ਸਰਕਾਰ ਨੂੰ ਪਹਿਲਾਂ ਹੀ ਚਿਤਾਵਨੀ ਦੇ ਦਿਤੀ ਸੀ ਪਰ ਭਾਜਪਾ ਆਗੂਆਂ ਨੇ ਉਨ੍ਹਾਂ ਦੇ ਮਜ਼ਾਕ ਉਡਾਇਆ ਸੀ ਜਦਕਿ ਅੱਜ ਉਨ੍ਹਾਂ ਦੀ ਚਿਤਾਵਨੀ ਸੱਚ ਸਾਬਤ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੇ ਪਰਵਾਰ ਨੂੰ ਮਿਲਣ ਨਾਲ ਇਹ ਨੈਸ਼ਨਲ ਪੱਧਰ ਦੀ ਖ਼ਬਰ ਇੰਟਰਨੈਸ਼ਨਲ ਪੱਧਰ 'ਤੇ ਫ਼ੈਲ ਸਕਦੀ ਸੀ, ਜੋ ਭਾਜਪਾ ਸਰਕਾਰ ਨੂੰ ਮਨਜ਼ੂਰ ਨਹੀਂ ਸੀ। ਇੰਟਰਨੈਸ਼ਨਲ ਪੱਧਰ 'ਤੇ ਅਪਣੇ ਕਾਰਨਾਮਿਆਂ ਦੇ ਉਜਾਗਰ ਹੋਣ ਦੇ ਡਰੋਂ ਉਨ੍ਹਾਂ ਨੇ ਰਾਹੁਲ ਗਾਂਧੀ ਨਾਲ ਸਖ਼ਤੀ ਵਰਤਿਆਂ ਉਨ੍ਹਾਂ ਨੂੰ ਪੀੜਤ ਪਰਵਾਰ ਨੂੰ ਮਿਲਣ ਨਹੀਂ ਦਿਤਾ।
ਉਨ੍ਹਾਂ ਕਿਹਾ ਕਿ ਬਿਹਾਰ ਦੀਆਂ ਚੋਣਾਂ ਸਾਹਮਣੇ ਹਨ ਜਿਥੇ ਕੋਵਿਡ ਨੂੰ ਲੈ ਕੇ ਕੋਈ ਇੰਤਜ਼ਾਮ ਨਹੀਂ ਹਨ। ਹਰ ਸਾਲ ਬਿਹਾਰ 'ਚ ਦੋ ਕਰੋੜ ਲੋਕ ਹੜਾਂ ਤੋਂ ਪ੍ਰਭਾਵਿਤ ਹੁੰਦੇ ਹਨ ਪਰ ਭਾਜਪਾ ਦੀ ਭਾਈਵਾਲ ਨਿਤੀਸ਼ ਸਰਕਾਰ ਇਸ ਸੱਭ ਨੂੰ ਕੰਟਰੋਲ ਕਰਨ 'ਚ ਅਸਫ਼ਲ ਸਾਬਤ ਹੋਈ ਹੈ। ਹੁਣ ਬਿਹਾਰ 'ਚ ਆਰ.ਜੇ.ਡੀ. ਦੀ ਸਹਿਯੋਗ ਨਾਲ ਬਿਹਾਰ 'ਚ ਕਾਂਗਰਸ ਸਰਕਾਰ ਬਣਨ ਜਾ ਰਹੀ ਹੈ।