
ਪ੍ਰਿਅੰਕਾ ਹਾਥਰਸ ਦੇ ਪੀੜਤ ਲਈ ਆਯੋਜਤ ਪ੍ਰਾਰਥਨਾ ਸਭਾ ਵਿਚ ਹੋਈ ਸ਼ਾਮਲ
ਨਵੀਂ ਦਿੱਲੀ, 2 ਅਕਤੂਬਰ : ਕਾਂਗਰਸ ਦੀ ਜਨਰਲ ਸੈਕਟਰੀ ਪ੍ਰਿਯੰਕਾ ਗਾਂਧੀ ਵਾਡਰਾ ਸ਼ੁਕਰਵਾਰ ਨੂੰ ਇਥੇ ਵਾਲਮੀਕਿ ਮੰਦਰ ਵਿਚ ਹਥਰਾਸ ਦੇ ਸਮੂਹਕ ਬਲਾਤਕਾਰ ਦੇ ਮਾਮਲੇ 'ਚ ਪੀੜਤ ਲੜਕੀ ਲਈ ਆਯੋਜਿਤ ਇਕ ਪ੍ਰਾਰਥਨਾ ਸਭਾ ਵਿਚ ਸ਼ਾਮਲ ਹੋਈ ਅਤੇ ਕਿਹਾ ਕਿ ਇਸ ਲੜਕੀ ਨੂੰ ਨਿਆਂ ਦਿਵਾਉਣ ਲਈ ਸਾਰੇ ਅਪਣੀ ਆਵਾਜ਼ ਬੁਲੰਦ ਕਰਨ। ਪ੍ਰਾਰਥਨਾ ਸਭਾ 'ਚ ਪ੍ਰਿਅੰਕਾ ਤੋਂ ਇਲਾਵਾ ਪਾਰਟੀ ਨੇਤਾ ਆਚਾਰੀਆ ਪ੍ਰਮੋਦ ਕ੍ਰਿਸ਼ਣਮ, ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਈ ਆਗੂ ਅਤੇ ਕਾਰਕੁਨ ਵੀ ਮੌਜੂਦ ਸਨ।
ਪ੍ਰਿਯੰਕਾ ਨੇ ਕਿਹਾ, “ਮੈਨੂੰ ਪਤਾ ਲਗਿਆ ਕਿ ਵਾਲਮੀਕਿ ਸਮਾਜ ਨੇ ਇਕ ਪ੍ਰਾਰਥਨਾ ਸਭਾ ਆਯੋਜਿਤ ਕੀਤੀ ਹੈ, ਇਸ ਲਈ ਮੈਂ ਇਥੇ ਆਉਣ ਦਾ ਫ਼ੈਸਲਾ ਕੀਤਾ। ਮੈਂ ਇਸ ਲਈ ਇਥੇ ਆਈ ਹਾਂ ਕਿਉਂਕਿ ਤੁਹਾਡੇ ਸਮਾਜ ਅਤੇ ਉਸ ਪਰਵਾਰ ਨੂੰ ਕਦੇ ਮਹਿਸੂਸ ਨਹੀਂ ਕਰਨਾ ਚਾਹੀਦਾ ਕਿ ਉਹ ਇਕੱਲੇ ਹਨ। ਅੱਜ ਅਸੀਂ ਉਸ ਪਰਵਾਰ ਦੇ ਵਿਰੁਧ ਜੋ ਹੋ ਰਿਹਾ ਹੈ ਉਸ ਦੇ ਖ਼ਿਲਾਫ਼ ਅਸੀਂ ਲੜਾਂਗੇ। ਮੈਂ ਤੁਹਾਨੂੰ ਆਵਾਜ਼ ਉਠਾਉਣ ਦੀ ਅਪੀਲ ਕਰਦੀ ਹਾਂ।'' ”
ਉਨ੍ਹਾਂ ਕਿਹਾ, “ਇਸ ਦੇਸ਼ ਦੀ ਹਰ ਮਹਿਲਾ ਨੇ ਸਰਕਾਰ 'ਤੇ ਨੈਤਿਕ ਦਬਾਅ ਪਾਇਆ। ਸਾਡੀ ਭੈਣ ਨਾਲ ਨਿਆਂ ਹੋਣਾ ਚਾਹੀਦਾ ਹੈ। ਲੜਕੀ ਦਾ ਰਾਤ ਦੇ ਸਮੇਂ ਅਤੇ ਕਥਿਤ ਤੌਰ 'ਤੇ ਪਰਵਾਰ ਦੀ ਸਹਿਮਤੀ ਤੋਂ ਬਿਨਾਂ ਅੰਤਿਮ ਸਸਕਾਰ ਦਾ ਜ਼ਿਕਰ ਕਰਦਿਆਂ ਕਾਂਗਰਸ ਦੀ ਜਨਰਲ ਸਕੱਤਰ ਨੇ ਕਿਹਾ, “ਇਹ ਸਾਡੇ ਦੇਸ਼ ਦੀ ਰਵਾਇਤ ਨਹੀਂ ਹੈ ਕਿ ਉਸ ਦਾ ਪਰਵਾਰ ਉਸ ਦੇ ਅੰਤਮ ਸਸਕਾਰ ਨੂੰ ਅੱਗ ਵੀ ਨਾ ਦੇ ਸਕਣ।''
ਇਸ ਪ੍ਰਾਰਥਨਾ ਸਭਾ 'ਚ ਸ਼ਾਮਲ ਲੋਕਾਂ ਨੇ ਮਹਾਤਮਾ ਗਾਂਧੀ ਦੇ ਭਜਨ 'ਰਘੂਪਤੀ ਰਾਘਵ ਰਾਜਾ ਰਾਮ' ਵੀ ਗਾਇਆ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੂੰ ਪੁਲਿਸ ਨੇ ਵੀਰਵਾਰ ਨੂੰ ਪੀੜਤ ਪਰਵਾਰ ਨਾਲ ਮੁਲਾਕਾਤ ਕਰਨ ਲਈ ਹਾਥਰਾਸ ਆਉਣ ਤੋਂ ਰੋਕਿਆ ਅਤੇ ਹਿਰਾਸਤ 'ਚ ਲੈ ਲਿਆ ਸੀ।
ਦੂਜੇ ਪਾਸੇ, ਕਾਂਗਰਸ ਨੇ ਦਾਅਵਾ ਕੀਤਾ ਕਿ ਰਾਹੁਲ ਅਤੇ ਪ੍ਰਿਯੰਕਾ ਨੂੰ ਉੱਤਰ ਪ੍ਰਦੇਸ਼ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। (ਪੀਟੀਆਈ)