
ਰਾਹੁਲ ਵਿਰੁਧ ਪੁਲਿਸ ਕਾਰਵਾਈ ਤੋਂ ਨਾਰਾਜ਼ ਪੁਡੂਚੇਰੀ ਦੇ ਮੁੱਖ ਮੰਤਰੀ ਭੁੱਖ ਹੜਤਾਲ 'ਤੇ ਬੈਠੇ
ਪੁਡੂਚੇਰੀ, 2 ਅਕਤੂਬਰ : ਹਥਰਾਸ ਵਿਚ ਹੋਏ ਕਥਿਤ ਸਮੂਹਿਕ ਬਲਾਤਕਾਰ ਪੀੜਤ ਦੇ ਪਰਵਾਰ ਨੂੰ ਮਿਲਣ ਜਾ ਰਹੇ ਕਾਂਗਰਸੀ ਨੇਤਾਵਾਂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਖ਼ਿਲਾਫ਼ ਪੁਲਿਸ ਦੇ “ਬੇਪਰਵਾਹ'' ਵਤੀਰੇ ਤੋਂ ਨਾਰਾਜ਼ ਪੁਡੂਚੇਰੀ ਦੇ ਮੁੱਖ ਮੰਤਰੀ ਵੀ ਨਾਰਾਇਣਸਾਮੀ ਅਤੇ ਉਨ੍ਹਾਂ ਦੇ ਸਾਥੀ ਮੰਤਰੀਆਂ ਨੇ ਸ਼ੁਕਰਵਾਰ ਨੂੰ ਇਥੇ ਭੁੱਖ ਹੜਤਾਲ ਕੀਤੀ। ਪੁਡੂਚੇਰੀ ਕਾਂਗਰਸ ਦੇ ਮੁਖੀ ਏਵੀ ਸੁਬਰਾਮਨੀਅਮ ਨੇ ਭੁੱਖ ਹੜਤਾਲ ਦੀ ਅਗਵਾਈ ਕੀਤੀ। ਕਾਂਗਰਸ ਦੀ ਨੌਜਵਾਨ ਅਤੇ ਵਿਦਿਆਰਥੀ ਸ਼ਾਖਾਵਾਂ ਦੇ ਪ੍ਰਤੀਨਿਧੀ ਮੰਡਲ ਨੇ ਰਾਸ਼ਟਰੀ ਪਾਰਟੀ ਵਲੋਂ ਬੁਲਾਏ ਗਏ ਪ੍ਰਦਰਸ਼ਨ 'ਚ ਹਿੱਸਾ ਲਿਆ। ਪਾਰਟੀ ਸੂਤਰਾਂ ਨੇ ਦਸਿਆ ਕਿ ਸਵੇਰੇ ਅੱਠ ਵਜੇ ਸ਼ੁਰੂ ਹੋਈ ਭੁੱਖ ਹੜਤਾਲ ਸ਼ਾਮ ਪੰਜ ਵਜੇ ਤਕ ਚੱਲੇਗੀ। ਨਰਾਇਣਸਾਮੀ ਨੇ ਵੀਰਵਾਰ ਨੂੰ ਰਾਹੁਲ ਅਤੇ ਪ੍ਰਿਯੰਕਾ ਖ਼ਿਲਾਫ਼ ਉੱਤਰ ਪ੍ਰਦੇਸ਼ ਪੁਲਿਸ ਦੀ ਕਾਰਵਾਈ ਦੀ ਵੀ ਅਲੋਚਨਾ ਕੀਤੀ। ਉਨ੍ਹਾਂ ਟਵੀਟ ਕੀਤਾ ਸੀ, “ਉੱਤਰ ਪ੍ਰਦੇਸ਼ ਪੁਲਿਸ ਦੀ ਕਾਰਵਾਈ ਹਿਟਲਰ ਰਾਜ ਅਤੇ ਜੰਗਲ ਰਾਜ ਨੂੰ ਦਰਸ਼ਾਉਂਦਾ ਹੈ।'' (ਪੀਟੀਆਈ)