
ਸੂਬਾ ਸਰਕਾਰ ਨੇ ਸਿਹਤ ਸਹੂਲਤਾਂ 'ਚ 100 ਹੋਰ ਐਂਬੂਲੈਂਸਾਂ ਦਾ ਕੀਤਾ ਇਜ਼ਾਫ਼ਾ : ਸਿੱਧੂ
ਐਸ.ਏ.ਐਸ. ਨਗਰ, 2 ਅਕਤੂਬਰ (ਕੁਲਦੀਪ ਸਿੰਘ) ਰਾਸ਼ਟਰ ਪਿਤਾ, ਮਹਾਤਮਾ ਗਾਂਧੀ ਦੇ 150 ਵੇਂ ਜਨਮ ਦਿਵਸ ਦੇ ਸ਼ੁੱਭ ਮੌਕੇ 'ਤੇ ਸੂਬਾ ਸਰਕਾਰ ਨੇ ਆਪਣੇ ਐਂਬੂਲੈਂਸਾਂ ਦੇ ਬੇੜੇ ਵਿਚ 100 ਹੋਰ ਐਂਬੂਲੈਂਸਾਂ ਦਾ ਇਜ਼ਾਫ਼ਾ ਕੀਤਾ ਹੈ । ਇਹ ਜਾਣਕਾਰੀ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦਿਤੀ। ਸਿਹਤ ਮੰਤਰੀ ਨੇ ਦਸਿਆ ਕਿ ਮਰੀਜ਼ਾਂ ਲਈ ਸਿਹਤ ਸਹੂਲਤਾਂ ਨੂੰ ਸਮੇਂ ਸਿਰ ਯਕੀਨੀ ਬਣਾਉਣਾ ਕਿਸੇ ਵੀ ਮਹਾਂਮਾਰੀ ਨਾਲ ਲੜਨ ਦਾ ਇਕ ਮੁੱਖ ਥੰਮ ਮੰਨਿਆ ਜਾਂਦਾ ਹੈ। ਉਨ੍ਹਾਂ ਦਸਿਆ ਕਿ ਕੋਵਿਡ 19 ਦੇ ਪਾਜ਼ੇਟਿਵ ਮਰੀਜ਼ਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣੀਆਂ ਹੋਰ ਵੀ ਵਿਸ਼ੇਸ਼ ਹਨ ਕਿਉਂਕਿ ਹਸਪਤਾਲ ਪਹੁੰਚਣ ਤਕ ਜਾਨਾਂ ਬਚਾਉਣ ਨੂੰ ਯਕੀਨੀ ਬਣਾਉਣ ਵਿਚ ਲੱਗਾ ਸਮਾਂ ਬਹੁਤ ਮਹੱਤਵਪੂਰਨ ਹੁੰਦਾ ਹੈ।
ਉਨ੍ਹਾਂ ਦਸਿਆ ਕਿ ਮਹਾਂਮਾਰੀ ਦੇ ਮਦੇਨਜ਼ਰ ਐਂਬੂਲੈਂਸ ਦੀ ਮਰੀਜ਼ ਤਕ ਛੇਤੀ ਤੋਂ ਛੇਤੀ ਪਹੁੰਚਣ ਨੂੰ ਯਕੀਨੀ ਬਣਾਉਣ ਲਈ ਪੰਜਾਬ ਆਪਣੀ ਐਂਬੂਲੈਂਸਾਂ ਦੇ ਬੇੜੇ ਨੂੰ ਹੌਲੀ ਹੌਲੀ ਵਧਾ ਰਿਹਾ ਹੈ। ਹੁਣ ਤਕ ਸਰਕਾਰੀ ਹਸਪਤਾਲਾਂ ਵਿਚ 400 ਦੇ ਕਰੀਬ ਐਂਬੂਲੈਂਸਾਂ ਹਨ, ਜਿਨ੍ਹਾਂ ਵਿਚ 242 ਡਾਇਲ 108 ਐਂਬੂਲੈਂਸਾਂ ਸ਼ਾਮਲ ਹਨ ਜੋ ਪਹਿਲਾਂ ਹੀ ਰਾਜ ਕੋਲ ਉਪਲਬਧ ਹਨ। ਐਂਬੂਲੈਂਸ ਸੇਵਾ ਨੂੰ ਮਜ਼ਬੂਤ ਕਰਨ ਲਈ ਪੰਜਾਬ ਵਲੋਂ ਅਗੱਸਤ ਮਹੀਨੇ ਵਿਚ 17 ਏਐਲਐਸ ਅਤੇ 60 ਬੀਐਲਐਸ ਐਂਬੂਲੈਂਸਾਂ ਖ਼ਰੀਦੀਆਂ ਗਈਆਂ। ਉਨ੍ਹਾਂ ਦਸਿਆ ਕਿ ਨਵੀਆਂ ਐਂਬੂਲੈਂਸਾਂ ਹਰ ਜ਼ਿਲ੍ਹਾ ਹਸਪਤਾਲ ਨੂੰ ਦਿਤੀਆਂ ਗਈਆਂ ਹਨ ਅਤੇ ਉਹ ਸਰਕਾਰੀ ਅਤੇ ਨਿਜੀ ਹਸਪਤਾਲਾਂ ਵਿਚ ਵੱਖ ਵੱਖ ਪੱਧਰਾਂ ਵਿਚ ਕੋਵਿਡ ਦੇ ਮਰੀਜ਼ਾਂ ਨੂੰ ਲਿਆਉਣ-ਲਿਜਾਣ ਵਿਚ ਸਹਾਇਤਾ ਕਰ ਰਹੀਆਂ ਹਨ।
ਸਿਹਤ ਮੰਤਰੀ ਨੇ ਦਸਿਆ ਕਿ ਰਾਜ ਸਰਕਾਰ ਨੇ ਐਂਬੂਲੈਂਸਾਂ ਦੀ ਗਿਣਤੀ ਨੂੰ ਵਧਾਉਣ ਲਈ 100 ਹੋਰ ਬੀਐਲਐਸ ਐਂਬੂਲੈਂਸਾਂ ਖ਼ਰੀਦਣ ਨੂੰ ਪ੍ਰਵਾਨਗੀ ਦਿਤੀ ਹੈ। ਇਨ੍ਹਾਂ ਤੋਂ ਇਲਾਵਾ 5 ਏਐਲਐਸ, 6 ਬੀਐਲਐਸ ਅਤੇ 22 ਛੋਟੀਆਂ ਐਂਬੂਲੈਂਸਾਂ ਖ਼ਰੀਦਣ ਲਈ ਵੀ ਹੁਕਮ ਦਿਤਾ ਗਿਆ ਹੈ।
ਫੋਟੋ ਐਸਏਐਸ ਕੁਲਦੀਪ 4 : ਗੱਲਬਾਤ ਕਰਦੇ ਮੰਤਰੀ ਸਿੱਧੂ
ਡਿਜੀਟਲ ਤਰੀਕੇ ਨਾਲ ਪਟਿਆਲਾ, ਜਲੰਧਰ ਅਤੇ ਲੁਧਿਆਣਾ ਜ਼ਿਲ੍ਹੇ ਲਈ ਚਾਰ-ਚਾਰ ਐਂਬੂਲੈਂਸਾਂ ਰਵਾਨਾ