
ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਪਤਨੀ ਮੇਲਾਨੀਆ ਕੋਰੋਨਾ ਪਾਜ਼ੇਟਿਵ
ਪਹਿਲਾਂ ਰਾਸ਼ਟਰਪਤੀ ਦੀ ਸਲਾਹਕਾਰ ਪਾਈ ਗਈ ਸੀ ਕੋਰੋਨਾ ਪੀੜਤ
ਵਾਸ਼ਿੰਗਟਨ, 2 ਅਕਤੂਬਰ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਉਹਨਾਂ ਦੀ ਪਤਨੀ ਮੇਲਾਨੀਆ ਟਰੰਪ ਦਾ ਕੋਵਿਡ ਟੈਸਟ ਵੀ ਪਾਜ਼ੇਟਿਵ ਆਇਆ ਹੈ। ਟਰੰਪ ਅਤੇ ਉਹਨਾਂ ਦੀ ਪਤਨੀ ਦੋਵੇਂ ਕੁਆਰੰਟੀਨ ਹਨ।
ਦਰਅਸਲ ਰਾਸ਼ਟਰਪਤੀ ਦੀ ਸਲਾਹਕਾਰ ਹੋਪ ਹਿਕਸ ਉਨ੍ਹਾਂ ਨਾਲ ਏਅਰ ਫੋਰਸ ਵਨ ਤੋਂ ਕਲੀਵਲੈਂਡ ਵਿਚ ਹੋਈ ਪਹਿਲੀ ਪ੍ਰੈਜ਼ੀਡੈਂਸ਼ੀਅਲ ਡਿਬੇਟ ਵਿਚ ਗਈ ਸੀ, ਜਿਸ ਤੋਂ ਬਾਅਦ ਉਹ ਕੋਰੋਨਾ ਪਾਜ਼ੇਟਿਵ ਪਾਈ ਗਈ ਸੀ। ਟਰੰਪ ਨੇ ਹਿਕਸ ਦੇ ਪਾਜ਼ੇਟਿਵ ਹੋਣ ਦੀ ਜਾਣਕਾਰੀ ਦਿਤੀ ਸੀ ਅਤੇ ਦਸਿਆ ਸੀ ਕਿ ਉਹਨਾਂ ਦਾ ਅਤੇ ਉਹਨਾਂ ਦੀ ਪਤਨੀ ਦਾ ਕੋਰੋਨਾ ਟੈਸਟ ਹੋਇਆ ਹੈ। ਹਿਕਸ ਦੇ ਪਾਜ਼ੇਟਿਵ ਹੋਣ ਤੋਂ ਬਾਅਦ ਹੀ ਟਰੰਪ ਪਤੀ-ਪਤਨੀ ਕੁਆਰੰਟੀਨ ਹੋ ਗਏ ਸੀ। ਇਸ ਤੋਂ ਬਾਅਦ ਟਰੰਪ ਨੇ ਟਵਿਟਰ 'ਤੇ ਦਸਿਆ ਕਿ ਉਹ ਅਤੇ ਮੇਲਾਨੀਆ ਟਰੰਪ ਵੀ ਕੋਵਿਡ-19 ਪਾਜ਼ੇਟਿਵ ਪਾਏ ਗਏ ਹਨ। ਇਸ ਦੇ ਨਾਲ ਹੀ ਉਹਨਾਂ ਨੇ ਲਿਖਿਆ, 'ਅਸੀਂ ਇਸ ਤੋਂ ਇਕੱਠੇ ਜਿੱਤਾਂਗੇ'।
(ਪੀਟੀਆਈ)