ਸੋਮਵਾਰ ਰਾਤ ਪੁਲਿਸ ਨੂੰ ਦੋਵੇਂ ਮੁਲਜ਼ਮਾਂ ਦੇ ਪਿੰਡ ਖਾਨਪੁਰ ਦੇ ਕੈਪਟਨ ਚੌਕ ਨੇੜੇ ਘੁੰਮਣ ਦੀ ਸੂਚਨਾ ਮਿਲੀ ਸੀ
ਖਰੜ - ਪੰਜਾਬ ਦੇ ਮੋਹਾਲੀ ਵਿਚ ਪੁਲਿਸ ਨੇ ਕੇਟੀਐਫ ਦੇ ਗਰਮਖਿਆਲੀ ਅਰਸ਼ਦੀਪ ਡੱਲਾ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਮਨਦੀਪ ਸਿੰਘ ਉਰਫ ਦੀਪਾ ਵਾਸੀ ਪਿੰਡ ਢੁੱਡੀਕੇ (ਮੋਗਾ) ਅਤੇ ਸੌਰਭ ਕੁਮਾਰ ਉਰਫ ਸਾਬੀ ਵਾਸੀ (ਲੁਧਿਆਣਾ) ਵਜੋਂ ਹੋਈ ਹੈ। ਦੋਵਾਂ ਖ਼ਿਲਾਫ਼ ਥਾਣਾ ਸਦਰ ਖਰੜ ਵਿਚ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਦੋਵੇਂ ਦੋਸ਼ੀ ਵਿਦੇਸ਼ 'ਚ ਸਥਿਤ ਇਕ ਅੱਤਵਾਦੀ ਦੇ ਇਸ਼ਾਰੇ 'ਤੇ ਕਿਸੇ ਨੂੰ ਧਮਕੀ ਦੇਣ ਲਈ ਇਲਾਕੇ 'ਚ ਆਏ ਸਨ। ਉਹ ਇਸ ਇਲਾਕੇ ਦੀ ਰੇਕੀ ਕਰ ਰਹੇ ਸੀ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਪੁਲਿਸ ਪਹਿਲਾਂ ਹੀ ਦੋਵਾਂ ਦੋਸ਼ੀਆਂ 'ਤੇ ਨਜ਼ਰ ਰੱਖ ਰਹੀ ਸੀ। ਸੋਮਵਾਰ ਰਾਤ ਪੁਲਿਸ ਨੂੰ ਦੋਵੇਂ ਮੁਲਜ਼ਮਾਂ ਦੇ ਪਿੰਡ ਖਾਨਪੁਰ ਦੇ ਕੈਪਟਨ ਚੌਕ ਨੇੜੇ ਘੁੰਮਣ ਦੀ ਸੂਚਨਾ ਮਿਲੀ ਸੀ। ਪੁਲਿਸ ਨੇ ਮੌਕੇ ’ਤੇ ਜਾ ਕੇ ਦੋਵਾਂ ਕੋਲੋਂ ਪੁੱਛਗਿੱਛ ਕੀਤੀ ਤਾਂ ਤਲਾਸ਼ੀ ਦੌਰਾਨ ਮੁਲਜ਼ਮਾਂ ਦੇ ਕਬਜ਼ੇ ’ਚੋਂ ਇੱਕ32 ਬੋਰ ਦਾ ਪਿਸਤੌਲ ਅਤੇ ਚਾਰ ਕਾਰਤੂਸ ਬਰਾਮਦ ਹੋਏ।
ਦੋਵਾਂ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਲੁਧਿਆਣਾ ਅਤੇ ਮੋਗਾ ਵਿਚ ਕਈ ਕੇਸ ਦਰਜ ਹਨ। ਇਨ੍ਹਾਂ ਮਾਮਲਿਆਂ ਵਿਚ ਭਗੌੜੇ ਚੱਲ ਰਹੇ ਹਨ। ਪੁਲਿਸ ਵੱਲੋਂ ਪੁੱਛਗਿੱਛ ਦੌਰਾਨ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪੁਲਿਸ ਵੱਲੋਂ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁੱਛਗਿੱਛ ਦੌਰਾਨ ਪੁਲਿਸ ਉਨ੍ਹਾਂ ਤੋਂ ਪਤਾ ਲਗਾਵੇਗੀ ਕਿ ਉਨ੍ਹਾਂ ਨੇ ਟ੍ਰਾਈਸਿਟੀ ਦੇ ਕਿਹੜੇ-ਕਿਹੜੇ ਲੋਕਾਂ ਨੂੰ ਡਰਾ ਧਮਕਾ ਕੇ ਅਰਸ਼ ਡੱਲਾ ਦੇ ਨਾਂਅ 'ਤੇ ਫਿਰੌਤੀ ਦੀ ਰਕਮ ਵਸੂਲੀ ਹੈ।