ਚੰਡੀਗੜ੍ਹ ਤੋਂ ਵਾਪਸ ਆ ਰਹੇ ਸਨ ਲਾਡੀ ਸ਼ੇਰੋਵਾਲੀਆ
ਜਲੰਧਰ - ਜਲੰਧਰ ਦੇ ਸ਼ਾਹਕੋਟ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਕਾਰ ਨਾਲ ਅਚਾਨਕ ਸਕੂਟਰ ਦੀ ਟੱਕਰ ਹੋ ਗਈ। ਹਾਦਸੇ 'ਚ ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਪਿੱਛੇ ਬੈਠਾ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਮ੍ਰਿਤਕ ਦੀ ਪਛਾਣ ਰਾਮਕਿਸ਼ਨ ਵਾਸੀ ਪਿੰਡ ਠਾਣਾ ਵਜੋਂ ਹੋਈ ਹੈ। ਜ਼ਖਮੀ ਰਾਮ ਪ੍ਰਕਾਸ਼ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਇਹ ਹਾਦਸਾ ਚੰਡੀਗੜ੍ਹ-ਫਗਵਾੜਾ ਹਾਈਵੇ 'ਤੇ ਨਵਾਂਸ਼ਹਿਰ ਦੇ ਬਹਿਰਾਮ ਦੇ ਜੱਸੋਮਾਜਰਾ ਨੇੜੇ ਵਾਪਰਿਆ। ਵਿਧਾਇਕ ਸ਼ੇਰੋਵਾਲੀਆ ਜਦੋਂ ਚੰਡੀਗੜ੍ਹ ਤੋਂ ਵਾਪਸ ਆ ਰਹੇ ਸਨ ਤਾਂ ਇਹ ਹਾਦਸਾ ਵਾਪਰਿਆ। ਇਹ ਸਾਰੀ ਘਟਨਾ ਹਾਈਵੇਅ 'ਤੇ ਲੱਗੇ ਸੀਸੀਟੀਵੀ ਕੈਮਰਿਆਂ 'ਚ ਵੀ ਕੈਦ ਹੋ ਗਈ ਹੈ। ਹਾਲਾਂਕਿ ਲਾਡੀ ਸ਼ੇਰੋਵਾਲੀਆ ਦੀ ਕਾਰ ਦੇ ਡਰਾਈਵਰ ਨੇ ਸਕੂਟਰ ਸਵਾਰਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਅਤੇ ਕਾਰ ਵਿਚਕਾਰ ਬਣਏ ਡਿਵਾਈਡਰ 'ਤੇ ਚੜ੍ਹ ਗਈ
ਪਰ ਸਕੂਟਰ ਚਲਾ ਰਿਹਾ ਰਾਮ ਕਿਸ਼ਨ ਗੱਡੀ ਨੂੰ ਬਿਲਕੁਲ ਸਾਹਮਣੇ ਦੇਖ ਕੇ ਡਰ ਗਿਆ ਅਤੇ ਉਹ ਸਕੂਟੀ ਦੀ ਬਰੇਕ ਨਹੀਂ ਲਗਾ ਸਕਿਆ ਅਤੇ ਸਿੱਧੇ ਜਾ ਕੇ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਇਨੋਵਾ ਕਾਰ 'ਚ ਸਵਾਰ ਵਿਧਾਇਕ ਲਾਡੀ ਸ਼ੇਰੋਵਾਲੀਆ ਤੇ ਉਨ੍ਹਾਂ ਦਾ ਸਟਾਫ਼ ਕਾਰ 'ਚੋਂ ਉਤਰ ਕੇ ਬਾਹਰ ਆ ਗਏ। ਉਨ੍ਹਾਂ ਹਾਈਵੇਅ ’ਤੇ ਆਵਾਜਾਈ ਰੋਕ ਕੇ ਜ਼ਖ਼ਮੀਆਂ ਨੂੰ ਸੜਕ ਤੋਂ ਚੁੱਕ ਕੇ ਤੁਰੰਤ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਰਾਮਕਿਸ਼ਨ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਗੰਭੀਰ ਜ਼ਖਮੀ ਰਾਮ ਪ੍ਰਕਾਸ਼ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਵਾਹਨਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ।