
'ਪੰਜਾਬ ਦੇ ਲੋਕ ਤਾਂ ਪਹਿਲਾਂ ਹੀ ਕਈ ਬਿਆਨਾਂ ਕਾਰਨ ਆਹਤ ਹਨ ਤੇ ਇਸ ਨਾਲ ਹੋਰ ਗੁੱਸਾ ਵਧੇਗਾ'
Punjab News : ਕੰਗਨਾ ਰਨੌਤ ਵਲੋਂ ਪੰਜਾਬ ’ਚ ਨਸ਼ਿਆਂ ਬਾਰੇ ਅੱਜ ਦਿਤੇ ਵਿਵਾਦਤ ਬਿਆਨ ’ਤੇ ਭਾਜਪਾ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਹਰਜੀਤ ਗਰੇਵਾਲ ਨੇ ਪ੍ਰਤੀਕਿਰਿਆ ਦਿੰਦੇ ਹੋਏ ਉਸ ਨੂੰ ਨਸੀਹਤ ਦਿਤੀ ਕਿ ਸੰਭਲਕੇ ਬੋਲਣਾ ਚਾਹੀਦਾ ਹੈ ਅਤੇ ਪੰਜਾਬ ’ਚ ਸ਼ਾਂਤੀ ਬਣੀ ਰਹਿਣ ਦਿਉ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਤਾਂ ਪਹਿਲਾਂ ਹੀ ਕਈ ਬਿਆਨਾਂ ਕਾਰਨ ਆਹਤ ਹਨ ਤੇ ਇਸ ਨਾਲ ਹੋਰ ਗੁੱਸਾ ਵਧੇਗਾ।
ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਵੀ ਨੇ ਤਾਂ ਪੰਜਾਬ ਦੀ ਧਰਤੀ ’ਤੇ ਸਰਬਤ ਦੇ ਭਲੇ ਦੀ ਹੀ ਗੱਲ ਕੀਤੀ ਅਤੇ ਕਿਹਾ ਸੀ ‘ਨਾਨਕ ਨੀਵਾ ਜੋ ਚਲੇ ਲਗੇ ਨਾ ਤਾਤੀ ਵਾਓ।’ ਉਨ੍ਹਾਂ ਕਿਹਾ ਕਿ ਕਾਂਗੜਾ ਵੀ ਕਿਸ ਸਮੇਂ ਪੰਜਾਬ ਦਾ ਹੀ ਹਿੱਸਾ ਰਿਹਾ ਹੈ ਅਤੇ ਜੇ ਕਾਂਗੜਾ ਨੂੰ ਪੰਜਾਬ ਦੇ ਲੋਕਾਂ ਬਾਰੇ ਕੋਈ ਭੁਲੇਖਾ ਹੈ ਤਾਂ ਇਥੋਂ ਦੇ ਕਲਚਰ ਤੇ ਧਰਤੀ ਦਾ ਅਧਿਐਨ ਕਰੇ। ਗਰੇਵਾਲ ਨੇ ਕਿਹਾ ਕਿ ਮੈਂ ਤਾਂ ਕੰਗਨਾ ਨੂੰ ਪ੍ਰਾਥਨਾ ਹੀ ਕਰ ਸਕਦਾ ਹਾਂ ਅਤੇ ਬਾਕੀ ਤਾਂ ਉਸ ਨੂੰ ਰੱਬ ਹੀ ਰੋਕ ਸਕਦਾ ਹੈ।