
'ਸਾਡਾ ਕਿਸਾਨ-ਸਾਡਾ ਮਾਣ' ਦੇ ਨਾਹਰਿਆਂ ਨਾਲ ਗੂੰਜਿਆ ਅੰਮ੍ਰਿਤਸਰ ਨਵੰਬਰ 1984 ਦਿੱਲੀ ਕਤਲੇਆਮ ਦੇ ਸ਼ਹੀਦਾਂ ਦੀ ਯਾਦ ਵਿਚ ਕਢਿਆ ਮਸ਼ਾਲ ਮਾਰਚ
ਚੰਡੀਗੜ੍ਹ, 2 ਨਵੰਬਰ (ਸਪੋਕਸਮੈਨ ਸਮਾਚਾਰ ਸੇਵਾ): ਦਲ ਖ਼ਾਲਸਾ ਵਲੋਂ ਪੰਜਾਬ ਦਿਵਸ ਮੌਕੇ ਦਿੱਲੀ ਦਰਬਾਰ ਵਲੋਂ ਸਟੇਟ-ਨੀਤੀ ਤਹਿਤ ਪੰਜਾਬ ਦੇ ਲੁੱਟੇ ਜਾ ਰਹੇ ਪਾਣੀਆਂ, ਦਰਕਿਨਾਰ ਕੀਤੀ ਬੋਲੀ, ਨਸਲਕੁਸ਼ੀ ਦੀ ਸ਼ਿਕਾਰ ਨੌਜਵਾਨੀ ਅਤੇ ਉਜਾੜੀ ਜਾ ਰਹੀ ਕਿਸਾਨੀ ਵਿਰੁਧ ਅੰਮ੍ਰਿਤਸਰ ਵਿਖੇ ਰੈਲੀ ਕੀਤੀ ਗਈ।
ਰੈਲੀ ਉਪਰੰਤ ਪਾਰਟੀ ਪ੍ਰਧਾਨ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਸੈਂਕੜੇ ਨੌਜਵਾਨਾਂ ਨੇ ਹੱਥਾਂ ਵਿਚ ਮਸ਼ਾਲਾਂ ਫੜ ਕੇ ਨਵੰਬਰ 1984 ਦਿੱਲੀ ਕਤਲੇਆਮ ਦੇ ਸ਼ਹੀਦਾਂ ਦੀ ਯਾਦ ਵਿਚ ਭੰਡਾਰੀ ਪੁਲ ਤੋਂ ਅਕਾਲ ਤਖ਼ਤ ਸਾਹਿਬ ਤਕ ਮਾਰਚ ਕਢਿਆ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਭਾਰਤੀ ਸਟੇਟ ਦੀ ਪੁਸ਼ਤਪਨਾਹੀ ਹੇਠ ਵਿਉਂਤੇ ਗਏੇ ਕਤਲੇਆਮ ਵਿਚ ਇਨਸਾਫ਼ ਦੇਣ ਵਿਚ ਜੁਡੀਸ਼ਰੀ ਫ਼ੇਲ੍ਹ ਰਹੀ ਹੈ। ਉਨ੍ਹਾਂ ਸਖ਼ਤ ਟਿਪਣੀ ਕਰਦਿਆਂ ਕਿਹਾ ਕਿ ਯੂ.ਐਨ.ਓ ਦੀ ਚੁੱਪ ਨੇ ਸਿੱਖ ਕੌਮ ਅਤੇ ਪੀੜਤਾਂ ਨੂੰ ਡਾਢਾ ਮਾਯੂਸ ਕੀਤਾ ਹੈ। ਹੱਥਾਂ ਵਿਚ ਕਿਸਾਨੀ ਸੰਕਟ ਨਾਲ ਸਬੰਧਤ ਤਖ਼ਤੀਆਂ ਫੜੀ ਨੌਜਵਾਨਾਂ ਨੇ 'ਸਾਡਾ ਕਿਸਾਨ ਸਾਡਾ ਮਾਣ' ਅਤੇ ਪੰਜਾਬ ਦੀ ਆਜ਼ਾਦੀ ਦੇ ਹੱਕ ਵਿਚ ਨਾਹਰੇ ਲਾਏ। ਸ. ਚੀਮਾ ਨੇ ਯੂ.ਐਨ.ਉ, ਅੰਤਰਰਾਸ਼ਟਰੀ ਭਾਈਚਾਰੇ ਸਮੇਤ ਦੁਨੀਆਂ ਭਰ ਵਿਚ ਕੰਮ ਕਰ ਰਹੇ ਮਨੁੱਖੀ ਅਧਿਕਾਰ ਸੰਗਠਨਾਂ ਨੂੰ ਅਪੀਲ ਕੀਤੀ ਕਿ ਉਹ ਅਪਣੇ ਨੁਮਾਇੰਦੇ ਪੰਜਾਬ ਵਿਚ ਭੇਜਣ ਤਾਂ ਜੋ ਅਪਣੀਆਂ ਅੱਖਾਂ ਨਾਲ ਵੇਖ ਸਕਣ ਕਿ ਕਿਸ ਤਰ੍ਹਾਂ ਭਾਰਤ ਸਰਕਾਰ ਦੀਆਂ ਫਾਸੀਵਾਦੀ ਨੀਤੀਆਂ ਅਤੇ ਮਾਰੂ ਹਮਲਿਆਂ ਕਾਰਨ ਪੰਜਾਬ ਨੂੰ ਬਰਬਾਦ ਅਤੇ ਉਜਾੜਿਆ ਜਾ ਰਿਹਾ ਹੈ।
ਪਾਰਟੀ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਸਮਾਂ ਮੰਗ ਕਰਦਾ ਹੈ ਕਿ ਭਾਰਤ-ਨੇਪਾਲ (ਵੀਜ਼ਾ ਮੁਫ਼ਤ) ਦੀ ਤਰਜ਼ ਉਤੇ ਪੰਜਾਬ ਨਾਲ ਲਗਦੇ ਅੰਤਰਰਾਸ਼ਟਰੀ ਸਰਹੱਦ ਨੂੰ ਪੰਜਾਬ ਦੀ ਆਰਥਕਤਾ ਨੂੰ ਹੁਲਾਰਾ ਦੇਣ ਲਈ ਖੋਲ੍ਹਿਆ ਜਾਵੇ। ਇਸ ਮੌਕੇ ਬਹੁਜਨ ਮੁਕਤੀ ਪਾਰਟੀ ਦੇ ਆਗੂ ਰਜਿੰਦਰ ਰਾਣਾ, ਅਕਾਲੀ ਦਲ ਡੈਮੋਕਰੇਟਿਕ ਦੇ ਬੁਲਾਰੇ ਜਸਵੀਰ ਸਿੰਘ ਘੁਮਾਣ, ਦਲ ਖ਼ਾਲਸਾ ਦੇ ਜਸਵੀਰ ਸਿੰਘ ਖੰਡੂਰ, ਬਾਬਾ ਹਰਦੀਪ ਸਿੰਘ ਮਹਿਰਾਜ, ਪਰਮਜੀਤ ਸਿੰਘ ਟਾਂਡਾ, ਰਣਬੀਰ ਸਿੰਘ, ਮਾਸਟਰ ਕੁਲਵੰਤ ਸਿੰਘ ਫੈਰੂਮਾਨ ਆਦਿ ਹਾਜ਼ਰ ਸਨ।