
ਰੇਲ ਰੋਕੋ ਅੰਦੋਲਨ 40ਵੇਂ ਦਿਨ ਵਿਚ ਦਾਖ਼ਲ ਹੋਇਆ
1984 ਦੇ ਪੀੜਤ ਅਦਾਲਤਾਂ ਵਿਚ ਖੜੇ ਬਿਰਧ ਹੋ ਗਏ ਨਿਆਂਪਾਲਿਕਾ ਦੇ ਕਟਹਿਰੇ ਵਿਚ : ਕਿਸਾਨ
ਅੰਮ੍ਰਿਤਸਰ, 2 ਨਵਬੰਰ (ਸੁਖਵਿੰਦਰਜੀਤ ਸਿੰਘ ਬਹੋੜੂ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਸੂਬਾ ਕਮੇਟੀ ਦੀ ਮੀਟਿੰਗ ਵਿਚ 5 ਨਵੰਬਰ ਦੇ ਕੌਮੀ ਬੰਦ ਵਿਚ ਲਗਭਗ 40 ਥਾਵਾਂ ਉਤੇ ਬੰਦ ਕਰਨ ਦੀਆਂ ਅੱਜ ਤਕ ਰਿਪੋਰਟਾਂ ਪਹੁੰਚੀਆਂ ਜਿਸ ਵਿਚ ਬੀਬੀਆਂ ਦੀ ਸ਼ਮੂਲੀਅਤ ਵੱਡੇ ਪੱਧਰ ਉਤੇ ਕਰਨ ਦਾ ਫ਼ੈਸਲਾ ਕੀਤਾ ਗਿਆ। ਲੰਮੇ ਅੰਦੋਲਨ ਚਲਾਉਣ ਲਈ ਹਰ ਵਰਗ ਦੀ ਸ਼ਮੂਲੀਅਤ ਕਿਵੇਂ ਹੋਵੇ ਇਸ ਪੱਖ ਉਤੇ ਕਾਰਜ ਕਰਨ ਦਾ ਫ਼ੈਸਲਾ ਕੀਤਾ ਗਿਆ। ਕਿਸਾਨ ਆਗੂਆਂ ਨੇ ਦਸਿਆ ਕਿ ਕਲ ਚੰਡੀਗੜ੍ਹ 11 ਵਜੇ ਸੂਬਾ ਆਗੂ ਕਿਸਾਨ ਭਵਨ ਪਹੁੰਚਣਗੇ ਅਤੇ ਢਾਈ ਵਜੇ ਅਟਾਰਨੀ ਜਨਰਲ ਨਾਲ ਮੀਟਿੰਗ ਕਰਨਗੇ। ਫਿਰ ਮੀਡੀਆ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
ਅੱਜ ਜੰਡਿਆਲਾ ਗੁਰੂ ਵਿਖੇ ਰੇਲ ਰੋਕੋ ਅੰਦੋਲਨ ਨੂੰ ਸੰਬੋਧਨ ਕਰਦਿਆਂ ਹੋਇਆ ਸੂਬਾ ਜਨ: ਸਕੱਤਰ ਸਰਵਣ ਸਿੰਘ ਪੰਧੇਰ, ਹਰਪ੍ਰੀਤ ਸਿੰਘ ਸਿੱਧਵਾਂ ਨੇ ਕਿਹਾ ਕਿ 6 ਨਵੰਬਰ ਤਕ ਰੇਲ ਰੋਕੋ ਅੰਦੋਲਨ ਜਾਰੀ ਰੱਖਣ ਦਾ ਫ਼ੈਸਲਾ ਪਹਿਲਾਂ ਹੋਇਆ ਹੈ। ਅਗਲਾ ਫ਼ੈਸਲਾ 5 ਨਵੰਬਰ ਵਾਲੀ ਮੀਟਿੰਗ ਵਿਚ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਪਣੇ ਜੋਟੀਦਾਰ ਕਾਰਪੋਰੇਟ ਘਰਾਣੇ ਅੰਬਾਨੀਆਂ, ਅਡਾਨੀਆਂ ਦੇ ਦਬਾਅ ਵਿਚ ਦੇਸ਼ ਦੇ ਅੰਨਦਾਤਾ ਕਿਸਾਨਾਂ ਵਿਰੁਧ
ਕਿਸਾਨ ਵਿਰੋਧੀ ਆਰਡੀਨੈਂਸ ਲਾਗੂ ਕਰ ਕੇ ਮੰਡੀ, ਬਾਜ਼ਾਰ ਅਤੇ ਜ਼ਮੀਨਾਂ ਉਤੇ ਕਬਜ਼ਾ ਕਰਵਾਉਣ ਲਈ ਤਰਲੋਮੱਛੀ ਹੋ ਰਹੀ ਹੈ। ਇਹ ਬਿਲ ਖੇਤੀਬਾੜੀ ਅਤੇ ਦੇਸ਼ ਦੇ ਫ਼ੈਡਰਲਿਜ਼ਮ ਢਾਂਚੇ ਦੇ 100 ਫ਼ੀ ਸਦੀ ਵਿਰੁਧ ਜਾ ਕੇ ਸਿੱਧਾ ਪੂੰਜੀਪਤੀਆਂ ਦੇ ਹੱਕ ਵਿਚ ਭੁਗਤਦੇ ਹਨ।
ਆਗੂਆਂ ਨੇ ਕਿਹਾ ਕਿ ਕਿ 1984 ਦੇ ਪੀੜਤਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ, ਇਸ ਦਾ ਮਤਾ ਪਾਸ ਕੀਤਾ ਗਿਆ। ਫ਼ਰਵਰੀ 2020 ਵਿਚ ਹੋਏ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਤੀਆਂ ਜਾਣ। ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਲੋਕਾਂ ਨੂੰ ਗੁਰੂ ਸਾਹਿਬ ਦੇ ਵਿਚਾਰਾਂ ਨਾਲ ਜੁੜ ਕੇ ਹੱਕ ਸੱਚ ਦੀ ਲੜਾਈ ਵਿਚ ਯੋਗਦਾਨ ਪਾਉਣ ਨੂੰ ਕਿਹਾ। ਇਸ ਮੌਕੇ ਧੰਨਾ ਸਿੰਘ ਲਾਲੂਘੁੰਮਣ, ਗੁਰਜੀਤ ਸਿੰਘ ਗੰਡੀਵਿੰਡ, ਹਰਦੀਪ ਸਿੰਘ ਜੌਹਲ, ਮਨਜਿੰਦਰ ਸਿੰਘ ਗੋਹਲਵੜ, ਕੁਲਵਿੰਦਰ ਸਿੰਘ ਕੈਰੋਵਾਲ, ਦਲਬੀਰ ਸਿੰਘ ਮਾਣਕਪੁਰ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।
image
ਜੰਡਿਆਲਾ ਗੁਰੂ ਵਿਖੇ ਰੇਲ ਰੋਕੋ ਅੰਦੋਲਨ ਵਿਚ ਬੈਠੇ ਕਿਸਾਨ ਅਤੇ ਮਜ਼ਦੂਰ।
ਕੈਪਸ਼ਨ-ਏ ਐਸ ਆਰ ਬਹੋੜੂ— 2— 1: ਜੰਡਿਆਲਾ ਗੁਰੂ ਵਿਖੇ ਰੇਲ ਰੋਕੋ ਅੰਦੋਲਨ ਵਿਚ ਬੈਠੇ ਕਿਸਾਨ ਅਤੇ ਮਜ਼ਦੂਰ।