
ਕੇਂਦਰ ਸਰਕਾਰ ਪੰਜਾਬ ਨੂੰ ਆਰਥਕ ਪੱਖੋਂ ਕੰਗਾਲ ਕਰਨ ਉਤੇ ਤੁਲੀ : ਬੁਰਜਗਿੱਲ, ਜਗਮੋਹਨ
ਚੰਡੀਗੜ੍ਹ , 2 ਨਵੰਬਰ (ਸੁਰਜੀਤ ਸਿੰਘ ਸੱਤੀ): 5 ਨਵੰਬਰ ਨੂੰ ਦੇਸ਼-ਭਰ ਦੇ ਕਿਸਾਨ ਜਥੇਬੰਦੀਆਂ ਵਲੋਂ ਕੀਤੇ ਜਾ ਰਹੇ ਦੇਸ਼ ਪਧਰੀ ਚੱਕਾ-ਜਾਮ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਪੰਜਾਬਦੀਆਂ 30 ਕਿਸਾਨ-ਜਥੇਬੰਦੀਆਂ ਦੇ ਸਾਂਝੇ-ਘੋਲ ਵਿਚ ਸ਼ਾਮਲ ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਵਲੋਂ ਵੀ ਪਿੰਡ-ਪਿੰਡ ਲੋਕਾਂ ਨੂੰ ਕਿਸਾਨ-ਅੰਦੋਲਨ ਤੇਜ਼ ਕਰਨ ਦਾ ਸੱਦਾ ਦਿਤਾ ਜਾ ਰਿਹਾ ਹੈ।
ਸੂਬੇ ਦੇ ਸਾਰੇ ਜ਼ਿਲ੍ਹਿਆਂ ਦੀਆਂ ਤਿਆਰੀਆਂ ਦੀ ਰਿਪੋਰਟ ਲੈਣ ਉਪਰੰਤ ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਅਤੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ 5 ਨਵੰਬਰਨੂੰ 12 ਵਜੇ 4 ਵਜੇ ਤਕ ਦਿਤੇ ਚੱਕਾ-ਜਾਮ ਦੇ ਸੱਦੇ ਨੂੰ ਪਹਿਲਾਂ ਨਾਲੋਂ ਵੀ ਵੱਡਾ ਹੁੰਗਾਰਾ ਮਿਲੇਗਾ ਅਤੇ ਦੇਸ਼ ਭਰ ਦੀਆਂ ਕਿਸਾਨ-ਜਥੇਬੰਦੀਆਂ ਲਈ ਇਹ ਇਤਿਹਾਸਕ ਹੋਵੇਗਾ। ਬੂਟਾ ਸਿੰਘ ਬੁਰਜ਼ਗਿੱਲ ਅਤੇ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਹੁਣੇ ਤੋਂ ਹੀ 26-27 ਨਵੰਬਰ ਦੇ ਦਿੱਲੀ-ਚੱਲੋ ਦੇ ਸੱਦੇ ਸਬੰਧੀ ਤਿਆਰੀਆਂ ਵਿੱਢ ਦਿਤੀਆਂ ਗਈਆਂ ਹਨ। ਬੂਟਾ ਸਿੰਘ ਬੁਰਜ਼ਗਿੱਲ, ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕੇਂਦਰ ਸਰਕਾਰ ਵਲੋਂ ਪ੍ਰਦੂਸ਼ਣ ਰੋਕਣ ਸਬੰਧੀ ਲਿਆਂਦੇ ਨਵੇਂ ਆਰਡੀਨੈਂਸ ਨੂੰ ਕਿਸਾਨਾਂ ਉਤੇ ਜ਼ਬਰ ਕਰਾਰ ਦਿਤਾ। ਉਨ੍ਹਾਂ ਕਿ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਐਨ ਇਹ ਸਾਬਤ ਕਰਦੇ ਹਨ ਕਿ ਪੰਜਾਬ ਦਾ ਕਿਸਾਨ ਦਿੱਲੀ ਦੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਨਹੀਂ ਹੈ। ਪਰ ਸਰਕਾਰ ਨੇ 1 ਕਰੋੜ ਰੁਪਏ ਤਕ ਜੁਰਮਾਨਾ ਅਤੇ ਜੇਲ ਭੇਜਣ ਸਬੰਧੀ ਫ਼ੈਸਲਾ ਲੈ ਕੇ ਕਿਸਾਨਾਂ ਉਤੇ ਜ਼ਬਰ ਕੀਤਾ ਹੈ ਜਿਸ ਨੂੰ ਲਾਗੂ ਨਹੀਂ ਹੋਣ ਦਿਤਾ ਜਾਵੇਗਾ।
ਬੁਰਜ਼ਗਿੱਲ ਨੇ ਕਿਹਾ ਕਿ ਫ਼ਸਲੀ ਕਰਜ਼ੇ, ਟਰੈਕਟਰ ਕਰਜ਼ੇ ਦਾ ਵਿਆਜ ਅਤੇ ਖੇਤੀ ਨਾਲ ਜੁੜੀਆਂ ਗਤੀਵਿਧੀਆਂ ਉਤੇ ਪੂਰੀ ਤਰ੍ਹਾਂ ਮਾਫ਼ੀ ਮਿਲੇ। ਕੇਂਦਰੀ ਵਿੱਤ ਮੰਤਰਾਲੇ ਦਾ ਦਿਤਾ ਬਿਆਨ ਬੜਾ ਪੱਖਪਾਤੀ ਹੈ ਜਿਸ ਵਿਚ ਉਨ੍ਹਾਂ ਕਿਹਾ ਹੈ ਕਿ ਕਿਸਾਨਾਂ ਨੂੰ 6 ਮਹੀਨਿਆਂ ਲਈ ਮਿਸ਼ਰਿਤ ਅਤੇ ਸਧਾਰਣ ਵਿਆਜ ਵਿਚਕਾਰਲੇ ਫ਼ਰਕ ਦੀ ਰਿਆਇਤੀ ਅਦਾਇਗੀ ਨਹੀਂ ਮਿਲੇਗੀ। ਇਹ ਫ਼ੈਸਲਾ ਤੁਰਤ ਰੱਦ ਕੀਤਾ ਜਾਣਾ ਚਾਹੀਦਾ ਹੈ। ਬੁਰਜ਼ਗਿੱਲ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਪੰਜਾਬ ਦਾ ਪੇਂਡੂ ਵਿਕਾਸ ਫ਼ੰਡ ਰੋਕਣਾ ਵੀ ਪੰਜਾਬ ਨੂੰ ਆimageਰਥਕ ਤੌਰ ਉਤੇ ਸੱਟ ਮਾਰਨ ਵਾਲਾ ਫ਼ੈਸਲਾ ਹੈ, ਉਨ੍ਹਾਂ ਕਿਹਾ ਕਿ ਫ਼ੰਡਾਂ ਦੀ ਜਾਂਚ ਮਹਿਜ਼ ਬਹਾਨਾ ਹੈ। ਬੁਰਜ਼ਗਿੱਲ ਨੇ ਕਿਹਾ ਕਿ ਕਿਸਾਨਾਂ ਵਲੋਂ ਰੇਲਵੇ-ਟਰੈਕ ਖ਼ਾਲੀ ਕੀਤੇ ਜਾਣ ਉਪਰੰਤ ਵੀਮਾਲ-ਗੱਡੀਆਂ ਨਹੀਂ ਚਲਾਈਆਂ ਗਈਆਂ, ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਦੀ ਬਜਾਏ ਅੜੀਅਲ ਵਤੀਰੇ ਉਤੇ ਉਤਰ ਆਈ ਹੈ। ਪਰ ਦੇਸ਼ ਭਰ ਦੀਆਂ ਕਰੀਬ 500 ਜਥੇਬੰਦੀਆਂ ਦੀ ਇਕਜੁੱਟਤਾ ਮੋਦੀ-ਸਰਕਾਰ ਨੂੰ ਖੇਤੀ-ਕਾਨੂੰਨ ਵਾਪਸ ਲੈਣ ਲਈ ਮਜ਼ਬੂਰ ਕਰ ਦੇਵੇਗੀ।
ਫੋਟੋ: ਬੂਟਾ ਸਿੰਘ ਬੁਰਜ਼ਗਿੱਲ ਅਤੇ ਜਗਮੋਹਨ ਸਿੰਘ ਪਟਿਆਲਾ