
ਸ਼ਿਲੌਂਗ 'ਚ ਵਸਦੇ ਘੱਟ ਗਿਣਤੀ ਸਿੱਖ,ਹਿੰਦੂ, ਈਸਾਈ ਭਾਈਚਾਰੇ ਦੇ ਲੋਕਾਂ ਨੇ ਸਰਕਾਰ ਵਲੋਂ ਪੰਜਾਬੀ ਲੇਨ 'ਤੇ ਕਬਜ਼ਾ ਲੈਣ ਦੇ ਐਲਾਨ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ।
ਅੰਮ੍ਰਿਤਸਰ : ਸ਼ਿਲੌਂਗ 'ਚ ਵਸਦੇ ਘੱਟ ਗਿਣਤੀ ਸਿੱਖ, ਹਿੰਦੂ ਅਤੇ ਈਸਾਈ ਭਾਈਚਾਰੇ ਦੇ ਲੋਕਾਂ ਨੇ ਮੇਘਾਲਿਆ ਸਰਕਾਰ ਵਲੋਂ ਪੰਜਾਬੀ ਲੇਨ 'ਤੇ ਕਬਜ਼ਾ ਲੈਣ ਦੇ ਐਲਾਨ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ 200 ਸਾਲ ਪਹਿਲਾਂ ਇਥੇ ਆਏ ਸੀ ਅਤੇ ਮੇਘਾਲਿਆ ਦੀ ਧਰਤੀ ਨੂੰ ਉਪਜਾਊ ਬਣਾਇਆ ਅਤੇ ਇਸ ਨੂੰ ਤਰੱਕੀ ਦੀ ਰਾਹ 'ਤੇ ਲੈ ਕੇ ਆਏ ਹਾਂ। ਇਸ ਲਈ ਮਰਨਾ ਪਸੰਦ ਕਰਾਂਗੇ ਪਰ ਘਰ ਨਹੀਂ ਛੱਡਾਂਗੇ।
ਦੱਸ ਦਈਏ ਕਿ ਸਥਾਨਕ ਵਾਸੀਆਂ ਵਲੋਂ ਕੀਤੀ ਇੱਕ ਸਾਂਝੀ ਮੀਟਿੰਗ ਦੌਰਾਨ ਸਰਕਾਰ ਦੇ ਇਸ ਫੈਸਲੇ ਦੀ ਨਿਖੇਧੀ ਕੀਤੀ ਗਈ। ਹਰੀਜਨ ਪੰਚਾਇਤ ਕਮੇਟੀ ਦੇ ਸਕੱਤਰ ਗੁਰਜੀਤ ਸਿੰਘ ਨੇ ਦੱਸਿਆ ਕਿ ਤਿੰਨ ਏਕੜ ਵਿੱਚ ਬਣੀ ਹਰੀਜਨ ਕਲੋਨੀ ਤੇ ਪੰਜਾਬੀ ਲੇਨ ਵਿੱਚ ਸਿਰਫ਼ ਸਿੱਖ ਪਰਿਵਾਰ ਹੀ ਨਹੀਂ ਸਗੋਂ ਈਸਾਈ ਅਤੇ ਹਿੰਦੂ ਭਾਈਚਾਰੇ ਦੇ ਲੋਕ ਵੀ ਰਹਿੰਦੇ ਹਨ। ਇੱਥੇ ਗੁਰਦੁਆਰਾ, ਮੰਦਰ ਅਤੇ ਚਰਚ ਤੇ ਸਕੂਲ ਵੀ ਬਣਿਆ ਹੋਇਆ ਹੈ।
National Minorities Commission banned displacement of Sikhs in Shillong
ਹਰੀਜਨ ਪੰਚਾਇਤ ਕਮੇਟੀ ਦੇ ਸਕੱਤਰ ਗੁਰਜੀਤ ਸਿੰਘ ਨੇ ਕਿਹਾ, “ਅਸੀਂ ਜ਼ਬਰਦਸਤੀ ਬੇਦਖਲ ਕੀਤੇ ਜਾਣ ਦੀ ਬਜਾਏ ਆਪਣੇ ਘਰਾਂ ਵਿਚ ਮਰਾਂਗੇ। ਸਾਰਿਆਂ ਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਹੱਕਾਂ ਦੀ ਲੜਾਈ ਹੋਣ ਜਾ ਰਹੀ ਹੈ ਅਤੇ ਅਸੀਂ ਇੱਜ਼ਤ, ਮਾਣ ਅਤੇ ਜਾਇਜ਼ ਅਧਿਕਾਰਾਂ ਦੀ ਇਸ ਲੜਾਈ ਨੂੰ ਜਿੱਤਣ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ।''
ਉਨ੍ਹਾਂ ਸੂਬੇ ਦੇ ਉਪ ਮੁੱਖ ਮੰਤਰੀ ਪ੍ਰੀਸਟੋਨ ਟਾਇਨਸੌਂਗ ਦੇ ਬਿਆਨ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਖਾਸੀ ਭਾਈਚਾਰੇ ਦੇ ਸਾਬਕਾ ਮੁਖੀ ਵੱਲੋਂ ਇਹ ਜ਼ਮੀਨ ਇੱਥੇ ਵਸਦੇ ਲੋਕਾਂ ਨੂੰ ਭੇਟ ਕੀਤੀ ਗਈ ਸੀ। ਇਸ ਦੀ ਖ਼ਰੀਦ ਕਰਨ ਅਤੇ ਕਬਜ਼ਾ ਲੈਣ ਦਾ ਸਰਕਾਰ ਕੋਲ ਕੋਈ ਹੱਕ ਨਹੀਂ ਹੈ। ਇਸ ਸਬੰਧ ਵਿਚ ਪਹਿਲਾਂ ਵੀ ਅਦਾਲਤ ਵੱਲੋਂ ਇੱਥੇ ਰਹਿੰਦੇ ਲੋਕਾਂ ਦੇ ਹੱਕ ਵਿਚ ਫ਼ੈਸਲਾ ਦਿੱਤਾ ਜਾ ਚੁੱਕਾ ਹੈ। ਹੁਣ ਵੀ ਅਦਾਲਤ ਵੱਲੋਂ ਸਟੇਅ ਦਿੱਤਾ ਹੋਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ ਦਾ ਯਤਨ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਸਰਕਾਰ ਦੇ ਦਾਅਵੇ ਨੂੰ ਵੀ ਅਦਾਲਤ ਵਿਚ ਚੁਣੌਤੀ ਦਿੱਤੀ ਜਾਵੇਗੀ।