
ਡਾ. ਮੱਲ੍ਹੀ ਦਾ ਕਹਿਣਾ ਹੈ, ‘‘ਮੈਂ ਭਾਰਤ ਵਿਚ ਇਸ ਲਈ ਰੁਕਿਆ ਕਿਉਂਕਿ ਮੈਂ ਦੇਸ਼ ਪ੍ਰਤੀ ਆਪਣੇ ਫਰਜ਼ ਲਈ ਸੁਚੇਤ ਸੀ
ਨਵੀਂ ਦਿੱਲੀ - ਡਾ. ਅਮਰਿੰਦਰ ਸਿੰਘ ਮੱਲ੍ਹੀ ਨੇ Cardiovascular Radiology and Endovascular Interventions ’ਚ ਮੈਡੀਸਨ ਦੀ ਡਾਕਟਰੇਟ ਡਿਗਰੀ ਪ੍ਰਾਪਤ ਕਰ ਕੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ। ਉਹ ਇਹ ਡਿਗਰੀ ਪ੍ਰਾਪਤ ਕਰਨ ਵਾਲੇ ਦੂਜੇ ਏਸ਼ੀਆਈ ਵਿਅਕਤੀ ਬਣੇ ਹਨ। ਡਾ. ਮੱਲ੍ਹੀ ਨੇ ਕੁੱਝ ਸਾਲ ਪਹਿਲਾਂ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਤੋਂ ਐਮ.ਬੀ.ਬੀ.ਐਸ. ਕਰਨੀ ਸ਼ੁਰੂ ਕੀਤੀ ਸੀ ਤੇ ਹੁਣ ਉਨ੍ਹਾਂ ਨੇ ਡਾਕਟਰੇਟ ਦੀ ਡਿਗਰੀ ਹਾਸਲ ਕਰ ਲਈ ਹੈ।
ਡਾ. ਮੱਲ੍ਹੀ ਏਮਜ਼ ਨਵੀਂ ਦਿੱਲੀ ਤੋਂ ਕਾਰਡੀਓਵੈਸਕੁਲਰ ਰੇਡੀਓਲੋਜੀ ਅਤੇ ਐਂਡੋਵੈਸਕੁਲਰ ਇੰਟਰਵੈਂਸ਼ਨਜ਼ ਵਿਚ ਡਾਕਟਰੇਟ ਆਫ਼ ਮੈਡੀਸਨ ਪ੍ਰਾਪਤ ਕੀਤੀ ਹੈ ਅਤੇ ਹੁਣ ਡਾ. ਮੱਲ੍ਹੀ ਅਪਣੀ ਯਾਤਰਾ ਨੂੰ ਸੰਤੁਸ਼ਟੀ ਨਾਲ ਵੇਖਦੇ ਹਨ। ਆਪਣੀ ਐਮ.ਬੀ.ਬੀ.ਐਸ. ਪੂਰੀ ਕਰਨ ਤੋਂ ਬਾਅਦ, ਉਨ੍ਹਾਂ ਨੇ ਦਯਾਨੰਦ ਮੈਡੀਕਲ ਕਾਲਜ, ਲੁਧਿਆਣਾ ਵਿਚ ਐਮ.ਡੀ. ਰੇਡੀਓਡਾਇਗਨੋਸਿਸ ਵਿਸ਼ਾ ਲਿਆ ਸੀ ਅਤੇ ਅਖ਼ੀਰ ਉਨ੍ਹਾਂ ਨੂੰ ਏਮਜ਼ ਵਿਚ ਕਾਰਡੀਓਵੈਸਕੁਲਰ ਰੇਡੀਓਲੋਜੀ ਅਤੇ ਐਂਡੋਵੈਸਕੁਲਰ ਦਖਲਅੰਦਾਜ਼ੀ ਵਿਭਾਗ ਵਿਚ ਡੀ.ਐਮ. ਵਜੋਂ ਸਵੀਕਾਰ ਕਰ ਲਿਆ ਗਿਆ।
ਜ਼ਿਕਰਯੋਗ ਹੈ ਕਿ ਇਹ ਡੀ.ਐਮ. ਕੋਰਸ 2016 ਵਿਚ ਏਮਜ਼ ਵਿਚ ਸ਼ੁਰੂ ਹੋਇਆ ਸੀ ਅਤੇ ਡਾ. ਮੱਲ੍ਹੀ ਇਸ ਕੋਰਸ ਵਿਚ ਦਾਖਲਾ ਲੈਣ ਵਾਲੇ ਦੂਜੇ ਵਿਦਿਆਰਥੀ ਸਨ।
ਇਸ ਵੇਲੇ ਏਮਜ਼ ਦਿੱਲੀ ਵਿਚ ਰੇਡੀਓਡਾਇਗਨੋਸਿਸ ਅਤੇ ਦਖਲਅੰਦਾਜ਼ੀ ਰੇਡੀਓਲੋਜੀ ਵਿਭਾਗ ਵਿਚ ਸਹਾਇਕ ਪ੍ਰੋਫੈਸਰ, ਮੱਲ੍ਹੀ ਦੇਸ਼ ਅੰਦਰ ਡਾਕਟਰੀ ਅਕਾਦਮਿਕ ਢਾਂਚੇ ਨੂੰ ਮਜ਼ਬੂਤ ਕਰਨ ਦੀ ਵਕਾਲਤ ਕਰਦੇ ਹਨ ਤਾਂ ਜੋ ਹੁਨਰਮੰਦ ਭਾਰਤੀ ਲੋਕ ਦੇਸ਼ ਅੰਦਰ ਹੀ ਅਪਣੀਆਂ ਸੇਵਾਵਾਂ ਦਿੰਦੇ ਰਹਿਣ।
ਡਾ. ਮੱਲ੍ਹੀ ਦਾ ਕਹਿਣਾ ਹੈ, ‘‘ਮੈਂ ਭਾਰਤ ਵਿਚ ਇਸ ਲਈ ਰੁਕਿਆ ਕਿਉਂਕਿ ਮੈਂ ਦੇਸ਼ ਪ੍ਰਤੀ ਆਪਣੇ ਫਰਜ਼ ਲਈ ਸੁਚੇਤ ਸੀ ਪਰ ਬਹੁਤ ਸਾਰੇ ਵਿਦਿਆਰਥੀ ਵਿਦੇਸ਼ ਚਲੇ ਜਾਂਦੇ ਹਨ। ਇਸ ਨੂੰ ਰੋਕਣ ਲਈ, ਮੈਡੀਕਲ ਅਤੇ ਸਿਹਤ ਵਿਦਿਅਕ ਢਾਂਚੇ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ।’’