Jalandhar Firing News: ਇਕ ਨੌਜਵਾਨ ਗੰਭੀਰ ਜ਼ਖ਼ਮੀ
Jalandhar Firing News: ਜਲੰਧਰ ਦੇ ਖਿੰਗੜਾ ਫਾਟਕ ਨੇੜੇ ਦੀਵਾਲੀ ਦੀ ਰਾਤ ਨੂੰ ਦੋ ਧਿਰਾਂ ਵਿਚਾਲੇ ਹੋਏ ਝਗੜੇ ਤੋਂ ਬਾਅਦ ਸ਼ਨੀਵਾਰ ਦੇਰ ਸ਼ਾਮ ਬਦਮਾਸ਼ਾਂ ਮਨੂ ਕਪੂਰ, ਤੋਤਾ ਤੇ ਹੋਰਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਗੋਲੀਆਂ ਚਲਾ ਦਿੱਤੀਆਂ। ਜਿਸ ਵਿੱਚ ਰਿਸ਼ਭ ਉਰਫ਼ ਬਾਦਸ਼ਾਹ ਵਾਸੀ ਅਲੀ ਮੁਹੱਲਾ ਦੀ ਮੌਤ ਹੋ ਗਈ। ਦੇਰ ਰਾਤ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਨੇ ਕਤਲ ਅਤੇ ਅਸਲਾ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਮਨੂ ਅਤੇ ਉਸ ਦੇ ਹੋਰ ਸਾਥੀਆਂ ਨੂੰ ਮਾਮਲੇ 'ਚ ਨਾਮਜ਼ਦ ਕੀਤਾ ਗਿਆ ਹੈ। ਮੁਲਜ਼ਮਾਂ ਨੇ ਆਪਣੇ ਨਾਜਾਇਜ਼ ਹਥਿਆਰ ਨਾਲ ਕਰੀਬ ਪੰਜ ਰਾਉਂਡ ਫਾਇਰ ਕੀਤੇ ਸਨ। ਦੱਸ ਦੇਈਏ ਕਿ ਮਨੂ ਸ਼ਹਿਰ ਦੇ ਇੱਕ ਵੱਡੇ ਕਾਂਗਰਸੀ ਨੇਤਾ ਦੇ ਕਰੀਬੀ ਹਨ। ਦੇਰ ਰਾਤ ਗੋਲੀਬਾਰੀ ਤੋਂ ਬਾਅਦ ਮੁਲਜ਼ਮ ਮਨੂ ਦੇ ਮੌਕੇ ਤੋਂ ਫਰਾਰ ਹੋਣ ਦੀ ਵੀਡੀਓ ਵੀ ਸਾਹਮਣੇ ਆਈ ਹੈ। ਜਿਸ ਵਿੱਚ ਉਹ ਹੱਥ ਵਿੱਚ ਹਥਿਆਰ ਲੈ ਕੇ ਭੱਜਦਾ ਨਜ਼ਰ ਆ ਰਿਹਾ ਸੀ।
ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਹੱਥੋਪਾਈ ਹੋਈ। ਰਾਮਾ ਮੰਡੀ ਦੇ ਜੌਹਲ ਹਸਪਤਾਲ ਵਿੱਚ ਇਲਾਜ ਦੌਰਾਨ ਰਿਸ਼ਭ ਦੀ ਮੌਤ ਹੋ ਗਈ। ਉਸ ਦਾ ਦੋਸਤ ਈਸ਼ੂ ਵਾਸੀ ਬਸਤੀ ਭੂਰੇਖਾਂ ਗੰਭੀਰ ਜ਼ਖ਼ਮੀ ਹੋ ਗਿਆ। ਉਸ ਦੇ ਹੱਥ ਵਿੱਚ ਗੋਲੀ ਲੱਗੀ। ਜਦੋ ਪਰਿਵਾਰਕ ਮੈਂਬਰਾਂ ਨੇ ਹਾਈਵੇਅ ਬੰਦ ਕਰ ਦਿੱਤਾ ਤਾਂ ਦੋਸਤਾਂ-ਮਿੱਤਰਾਂ ਅਤੇ ਪਰਿਵਾਰ ਵਾਲਿਆਂ ਅਤੇ ਪੁਲਿਸ ਵਿਚਾਲੇ ਹੱਥੋਪਾਈ ਹੋ ਗਈ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੇਰ ਰਾਤ ਮੌਕੇ ’ਤੇ ਪੁੱਜੇ, ਜਿਸ ਮਗਰੋਂ ਹਾਈਵੇਅ ਨੂੰ ਖੋਲ੍ਹਿਆ ਗਿਆ। ਕਮਿਸ਼ਨਰ ਸ਼ਰਮਾ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ।