
ਕੁਰਸੀ ਲਈ ਕਿਸਾਨੀ ਨੂੰ ਵੇਚਣ ਵਾਲੇ ਬਾਦਲ ਹੁਣ ਚੀਚੀ ਨੂੰ ਖ਼ੂਨ ਲਗਾਕੇ ਸ਼ਹੀਦ ਬਣਨ ਦੀ ਕੋਸ਼ਿਸ਼ ਨਾ ਕਰਨ : ਹਰਪਾਲ ਸਿੰਘ ਚੀਮਾ
ਚੰਡੀਗੜ੍ਹ - ਆਮ ਆਦਮੀ ਪਾਰਟੀ ਪੰਜਾਬ (ਆਪ) ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਦਮ ਵਿਭੂਸ਼ਣ ਐਵਾਰਡ ਵਾਪਸ ਕਰਨ ਉੱਤੇ ਟਿੱਪਣੀ ਕਰਦਿਆਂ ਕਿਹਾ ਕਿ ਜੇਕਰ ਪ੍ਰਕਾਸ਼ ਸਿੰਘ ਬਾਦਲ ਐਨਡੀਏ ਦਾ ਹਿੱਸਾ ਹੁੰਦੇ ਹੋਏ ਇਹ ਕਾਲੇ ਕਾਨੂੰਨ ਬਣਨ ਹੀ ਨਾ ਦਿੰਦੇ ਤਾਂ ਅੱਜ ਇਹ ਦਿਨ ਨਾ ਦੇਖਣੇ ਪੈਂਦੇ। ਉਨ੍ਹਾਂ ਕਿਹਾ ਕਿ ਜਦੋਂ ਬਾਦਲਾਂ ਕੋਲ ਮੋਦੀ ਸਰਕਾਰ ਨੂੰ ਮਾਰੂ ਖੇਤੀ ਕਾਨੂੰਨ ਬਣਾਉਣ ਤੋਂ ਰੋਕਣ ਦੀ ਤਾਕਤ ਸੀ
Harsimrat Kaur Badal
ਉਸ ਸਮੇਂ ਇਸ ਪਰਿਵਾਰ ਨੇ ਹਰਸਿਮਰਤ ਕੌਰ ਬਾਦਲ ਦੀ ਕੁਰਸੀ ਲਈ ਪੰਜਾਬ ਤੇ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਨੂੰ ਗਹਿਣੇ ਧਰ ਦਿੱਤਾ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਜਿੱਥੇ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਖਿਡਾਰੀਆਂ, ਲੇਖਕਾਂ ਤੇ ਹੋਰ ਹਸਤੀਆਂ ਵੱਲੋਂ ਕੌਮੀ ਐਵਾਰਡ ਵਾਪਸ ਕਰਨ ਦੀ ਮੁਹਿੰਮ ਦਾ ਸਵਾਗਤ ਕੀਤਾ, ਉੱਥੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਐਵਾਰਡ ਵਾਪਸ ਕਰਨ ਨੂੰ ਡਰਾਮਾ ਕਰਾਰ ਦਿੱਤਾ।
Parkash singh badal
ਚੀਮਾ ਨੇ ਕਿਹਾ ਕਿ ਮੋਦੀ ਸਰਕਾਰ ਦਾ ਹਿੱਸਾ ਹੁੰਦੇ ਹੋਏ ਪ੍ਰਕਾਸ਼ ਸਿੰਘ ਬਾਦਲ ਸਮੇਤ ਪੂਰਾ ਬਾਦਲ ਪਰਿਵਾਰ ਨੇ ਇਨ੍ਹਾਂ ਮਾਰੂ ਖੇਤੀ ਬਿੱਲਾਂ ਨੂੰ ਬਹੁਤ ਅੱਛੇ ਦੱਸ ਕੇ ਪੰਜਾਬ ਅਤੇ ਦੇਸ਼ ਭਰ ਦੇ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਸੀ, ਪ੍ਰੰਤੂ ਜਦੋਂ ਕਿਸਾਨਾਂ ਸਮੇਤ ਸਾਰਾ ਪੰਜਾਬ ਖ਼ਿਲਾਫ਼ ਹੋ ਗਿਆ ਅਤੇ ਪਿੰਡਾਂ ਵਿਚ ਬਾਦਲ ਦਲ ਤੇ ਭਾਜਪਾ ਦੀ ''ਨੋ ਐਂਟਰੀ'' ਦੇ ਬੋਰਡ ਲਗਾ ਦਿੱਤੇ ਉਦੋਂ ਤੋਂ ਬਾਦਲ ਪਰਿਵਾਰ ਚੀਚੀ ਨੂੰ ਖ਼ੂਨ ਲਗਾਕੇ ਸ਼ਹੀਦ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ। ਬਾਦਲ ਵੱਲੋਂ ਐਵਾਰਡ ਵਾਪਸ ਕਰਨ ਦਾ ਫ਼ੈਸਲਾ ਵੀ ਉਸੇ ਦਾ ਹੀ ਹਿੱਸਾ ਹੈ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਹਮੇਸ਼ਾ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਕੀਤਾ ਹੈ।