
ਕਿਸਾਨਾਂ ਦਾ ਦਿੱਲੀ ਘਿਰਾਉ ਸਤਵੇਂ ਦਿਨ ਜਾਰੀ, ਮੁੱਖ ਐਂਟਰੀ ਪੁਆਇੰਟ ਬੰਦ
ਰਾਜਸਥਾਨ ਦੇ ਕਿਸਾਨ ਹਰਿਆਣਾ ਹੱਦ 'ਤੇ ਜੁੜਨੇ ਸ਼ੁਰੂ, ਟਿਕਰੀ ਬਾਰਡਰ 'ਤੇ 'ਆਪ' ਰਾਜਸਭਾ ਮੈਂਬਰ ਸੁਸ਼ੀਲ ਗੁਪਤਾ ਨੂੰ ਪੁਲਿਸ ਨੇ ਰੋਕਿਆ
ਚੰਡੀਗੜ੍ਹ, 2 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ): ਕੜਾਕੇ ਦੀ ਠੰਢ ਵਿਚ ਕਿਸਾਨ ਸਤਵੇਂ ਦਿਨ ਵੀ ਦਿੱਲੀ ਦੇ ਬਾਰਡਰਾਂ 'ਤੇ ਡਟੇ ਰਹੇ। ਯਾਤਰੀਆਂ ਖ਼ਾਸ ਕਰ ਕੇ ਦਫ਼ਤਰ ਜਾਣ ਵਾਲਿਆਂ ਨੂੰ ਅੱਜ ਵੀ ਲੰਮੇ ਟ੍ਰੈਫ਼ਿਕ ਜਾਮ ਤੋਂ ਰਾਹਤ ਨਹੀਂ ਮਿਲੀ ਤੇ ਉਨ੍ਹਾਂ ਘੁੰਮ ਘੁਮਾ ਕੇ ਕੰਮਕਾਜ 'ਤੇ ਜਾਣਾ ਪਿਆ ਕਿਉਂਕਿ ਹਜ਼ਾਰਾਂ ਕਿਸਾਨਾਂ ਨੇ ਸਤਵੇਂ ਦਿਨ ਰਾਸ਼ਟਰੀ ਰਾਜਧਾਨੀ ਦੇ ਮੁੱਖ ਐਂਟਰੀ ਪੁਆਇੰਟਾਂ ਨੂੰ ਬੰਦ ਕਰ ਦਿਤਾ ਹੈ। ਪੁਲਿਸ ਨੇ ਹਰਿਆਣਾ-ਦਿੱਲੀ ਸਰਹੱਦ ਨੂੰ ਸਿੰਘੂ ਅਤੇ ਟੀਕਰੀ ਤੋਂ ਆਵਾਜਾਈ ਲਈ ਬੰਦ ਰਖਿਆ ਹੋਇਆ ਹੈ।
ਉੱਤਰ ਪ੍ਰਦੇਸ਼ ਦੀ ਸਰਹੱਦ ਵਾਲੇ ਗਾਜ਼ੀਪੁਰ ਵਿਖੇ ਵੀ ਵਿਰੋਧ ਪ੍ਰਦਰਸ਼ਨ ਤੇਜ਼ ਹੋ ਗਿਆ ਹੈ। ਦਿੱਲੀ-ਉੱਤਰ ਪ੍ਰਦੇਸ਼ ਦੀ ਸਰਹੱਦ 'ਤੇ ਹੋਏ ਵਿਰੋਧ ਪ੍ਰਦਰਸ਼ਨ ਕਾਰਨ ਰਾਸ਼ਟਰੀ ਰਾਜਧਾਨੀ ਨੂੰ ਰਾਜ ਨਾਲ ਜੋੜਨ ਵਾਲਾ ਮਹੱਤਵਪੂਰਨ ਰਸਤਾ ਬੰਦ ਹੋ ਗਿਆ। ਨੋਇਡਾ ਲਿੰਕ ਰੋਡ 'ਤੇ ਚਿੱਲਾ ਸਰਹੱਦ ਗੌਤਮ ਬੁੱਧ ਦੁਵਾਰ ਨੇੜੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਕਾਰਨ ਆਵਾਜਾਈ ਲਈ ਬੰਦ ਹੈ। ਟ੍ਰੈਫ਼ਿਕ ਪੁਲਿਸ ਨੇ ਟਵੀਟ ਕੀਤਾ ਹੈ ਕਿ ਰਾਸ਼ਟਰੀ ਰਾਜਧਾਨੀ ਨੂੰ ਗੁੜਗਾਉਂ ਅਤੇ ਝੱਜਰ-ਬਹਾਦੁਰਗੜ੍ਹ ਨਾਲ ਜੋੜਨ ਵਾਲੇ ਦੋ ਹੋਰ ਪੁਆਇੰਟਾਂ ਨੂੰ ਵੀ ਬੰਦ ਕਰ ਦਿਤਾ ਗਿਆ ਹੈ।
ਉਧਰ ਕੇਂਦਰ ਸਰਕਾਰ ਵਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਹੁਣ ਰਾਜਸਥਾਨ ਵਿਚ ਸ਼ੁਰੂ ਹੋ ਗਿਆ ਹੈ।
ਬੁੱਧਵਾਰ ਨੂੰ ਰਾਜਸਥਾਨ ਦੇ ਕਿਸਾਨ ਅਲਵਰ ਜ਼ਿਲ੍ਹੇ ਵਿਚ ਹਰਿਆਣਾ ਦੀ ਸਰਹੱਦ 'ਤੇ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਰਾਸ਼ਟਰੀ ਕਿਸਾਨ ਮਹਾਂਪੰਚਾਇਤ ਦੇ ਪ੍ਰਧਾਨ ਰਾਮਪਾਲ ਜਾਟ ਦੀ ਅਗਵਾਈ ਹੇਠ ਰਾਜਸਥਾਨ ਦੇ ਕਿਸਾਨਾਂ ਨੇ ਹਰਿਆਣਾ ਦੀ ਸਰਹੱਦ 'ਤੇ ਲਾਮਬੰਦੀ ਸ਼ੁਰੂ ਕਰ ਦਿਤੀ ਹੈ। ਇਥੇ ਕਿਸਾਨਾਂ ਦੀ ਮਹਾਂਪੰਚਾਇਤ ਹੋਵੇਗੀ। ਫਿਰ ਅਗਲੀ ਰਣਨੀਤੀ ਬਾਰੇ ਕਿਸਾਨ ਫ਼ੈਸਲਾ ਲੈਣਗੇ।
ਉਧਰ ਦਿੱਲੀ ਤੋਂ ਨੋਇਡਾ 'ਚ ਭਾਰਤੀ ਕਿਸਾਨ ਪ੍ਰੀਸ਼ਦ ਦੇ ਲੋਕਾਂ ਨੂੰ ਮਹਾ ਮਾਇਆ ਨੇੜੇ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਸਾਰਿਆਂ ਨੂੰ ਪੁਲਿਸ ਲਾਈਨ ਭੇਜ ਦਿਤਾ ਗਿਆ ਹੈ। ਦੋਸ਼ ਹੈ ਕਿ ਨੋਇਡਾ ਤੋਂ ਡੀਐਨਡੀ ਦੇ ਰਸਤੇ ਦਿੱਲੀ ਜਾਣ ਦੀ ਜ਼ਿੱਦ ਕਰ ਰਹੇ ਸਨ। ਕਰੀਬ 60 ਕਿਸਾਨ ਪੁਲਿਸ ਲਾਈਨ 'ਚ ਕੈਦ ਕੀਤੇ ਗਏ ਹਨ। ਉਥੇ ਹੀ ਨੋਇਡਾ ਸੈਕਟਰ 14ਏ ਸਥਿਤ ਨੋਇਡਾ ਪ੍ਰਵੇਸ਼ ਦੁਆਰਾ ਦਿੱਲੀ ਤੋਂ ਆਉਣ ਵਾਲੇ ਰਾਸਤੇ ਨੂੰ ਕਿਸਾਨਾਂ ਤੇ ਪੁਲਿਸ ਦੌਰਾਨ ਹੋਈ ਸਹਿਮਤੀ ਤੋਂ ਬਾਅਦ ਖੋਲ੍ਹ ਦਿਤਾ ਗਿਆ ਹੈ।
ਸਿੰਘੂ ਬਾਰਡਰ 'ਤੇ ਸੋਨੀਪਤ ਵਲੋਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਧਰਨੇ 'ਤੇ ਹਜ਼ਾਰਾਂ ਕਿਸਾਨ ਬੈਠੇ ਹੋਏ ਹਨ। ਬੁੱਧਵਾਰ ਦੁਪਹਿਰ 'ਚ ਕਿਸਾਨਾਂ ਨੂੰ ਸੰਬੋਧਤ ਦੌਰਾਨ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਜਰਨੈਲ ਸਿੰਘ ਨੇ ਖੇਤੀ ਕਾਨੂੰਨ ਦੀ ਕਾਪੀ ਪਾੜੀ। ਇਸੇ ਦੌਰਾਨ ਟਿਕਰੀ ਬਾਰਡਰ 'ਤੇ 'ਆਪ' ਰਾਜਸਭਾ ਮੈਂਬਰ ਸੁਸ਼ੀਲ ਗੁਪਤਾ ਨੂੰ ਪੁਲਿਸ ਨੇ ਰੋਕ ਲਿਆ ਅਤੇ ਪੁਲਿਸ ਤੇ ਸੁਸ਼ੀਲ ਗੁਪਤਾ ਵਿਚਕਾਰ ਕਾਫ਼ੀ ਤਿੱਖੀ ਬਹਿਸ ਹੋਈ।
ਦੂਜੇ ਪਾਸੇ ਆਲ ਇੰਡੀਆ ਮੋਟਰ ਟਰਾਂਸਪੋਰਟ ਹੁਣ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਆ ਗਈ ਹੈ। ਟਰਾਂਸਪੋਰਟ ਕਾਂਗਰਸ ਦੇ ਪ੍ਰਧਾਨ ਕੁਲਤਰਣ ਸਿੰਘ ਅਟਵਾਲ ਨੇ ਕਿਹਾ ਕਿ ਜੇਕਰ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ 8 ਦਸੰਬਰ ਤੋਂ ਅਸੀਂ ਉੱਤਰ ਭਾਰਤ ਵਿਚ ਅਪਣੀਆਂ ਤਮਾਮ ਕਾਰਾਂ ਤੇ ਟਰੱਕਾਂ ਨੂੰ ਰੋਕ ਦੇਵਾਂਗੇ। ਇਸ ਤੋਂ ਬਾਅਦ ਵੀ ਜੇਕਰ ਸਰਕਾਰ ਸਹਿਮਤ ਨਹੀਂ ਹੁੰਦੀ ਤਾਂ ਦੇਸ਼ ਵਿਆਪੀ ਹੜਤਾਲ ਕੀਤੀ ਜਾਵੇਗੀ।
ਉਧਰ ਖਾਪ ਪੰਚਾਇਤਾਂ ਵੀ ਖੁਲ੍ਹ ਕੇ ਕਿਸਾਨਾਂ ਦੇ ਸਮਰਥਨ 'ਚ ਆ ਗਈਆਂ ਹਨ। ਹਰਿਆਣਾ ਦੇ ਜੀਂਦ ਵਿਚ ਖਾਪ ਪੰਚਾਇਤਾਂ ਨੇ ਸਰਕਾਰ ਨੂੰ ਚਿਤਾਵਨੀ ਦਿਤੀ ਹੈ। ਖਾਪ ਨੇ ਕਿਹਾ ਕਿ ਜੇਕਰ ਸਰਕਾਰ ਕਿਸਾਨਾਂ ਦੀ ਮੰਗ ਨੂੰ ਨਹੀਂ ਮੰਨਦੀ ਤਾਂ ਦਿੱਲੀ ਵਿਚ ਦੁੱਧ, ਫਲਾਂ ਅਤੇ ਸਬਜ਼ੀਆਂ ਦੀ ਸਪਲਾਈ ਬੰਦ ਕਰ ਦਿਤੀ ਜਾਵੇਗੀ। ਜੀਂਦ ਵਿਚ ਹੋਈ ਮਹਾਂਪੰਚਾਇਤ ਵਿਚ ਸਰਕਾਰ ਨੂੰ ਆਖਿਆ ਹੈ ਕਿ ਕਿਸਾਨ ਨਾਲ ਹੋ ਰਹੇ ਧੱਕਾ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਮਹਾਂਪੰਚਾਇਤ ਵਿਚ ਖਾਪ ਨੇ ਫ਼ੈਸਲਾ ਕੀਤਾ ਕਿ ਉਹ ਹਰਿਆਣਾ ਸਰਕਾਰ ਡੇਗਣ ਲਈ ਮੁਹਿੰਮ ਦੀ ਸ਼ੁਰੂਆਤ ਕਰਨਗੇ। ਖਾਪ ਆਗੂਆਂ ਨੇ ਐਲਾਨ ਕੀਤਾ ਕਿ ਜਿਨ੍ਹਾਂ ਵਿਧਾਇਕਾਂ ਨੇ ਸਰਕਾਰ ਦਾ ਸਮਰਥਨ ਕੀਤਾ ਹੈ, ਉਨ੍ਹਾਂ ਉਤੇ ਸਮਰਥਨ ਵਾਪਸ ਲੈਣ ਲਈ ਦਬਾਅ ਬਣਾਇਆ ਜਾਵੇਗਾ। ਹਰ ਖਾਪ ਜਾ ਕੇ ਇਨ੍ਹਾਂ ਵਿਧਾਇਕਾਂ ਨੂੰ ਮਿਲੇਗਾ। ਪਹਿਲਾਂ ਵਿਧਾਇਕਾਂ ਨੂੰ ਸ਼ਾਂਤੀ ਨਾਲ ਅਪੀਲ ਕੀਤੀ ਜਾਵੇਗੀ ਅਤੇ ਜੇਕਰ ਉਹ ਸਹਿਮਤ ਨਹੀਂ ਹੋਏ ਤਾਂ ਉਨ੍ਹਾਂ ਦੇ ਪਿੰਡਾਂ ਵਿਚ ਦਾਖ਼ਲੇ 'ਤੇ ਪਾਬੰਦੀ ਲਗਾਈ ਜਾਵੇਗੀ।
ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਵਿਰੁਧ ਪੰਜਾਬ ਤੋਂ ਉਠੀ ਰੋਹ ਦੀ ਲਹਿਰ ਪੂਰੇ ਮੁਲਕ ਵਿਚ ਫੈਲਦੀ ਜਾ ਰਹੀ ਹੈ। ਦਿੱਲੀ ਵਿਚ ਮੋਰਚਾ ਮੱਲੀ ਬੈਠੇ ਪੰਜਾਬੀਆਂ ਦਾ ਸਾਥ ਦੇਣ ਲਈ ਪੂਰੇ ਮੁਲਕ ਦੇ ਕਿਸਾਨਾਂ ਨੇ ਦਿੱਲੀ ਕੂਚ ਲਈ ਚਾਲੇ ਦਿਤੇ ਹਨ। ਹੁਣ ਖ਼ਬਰ ਆਈ ਹੈ ਕਿ ਮੱਧ ਪ੍ਰਦੇਸ਼ ਦੇ ਗਵਾਲੀਅਰ ਤੋਂ ਕਿਸਾਨਾਂ ਦਾ ਵੱਡਾ ਕਾਫ਼ਲਾ ਦਿੱਲੀ ਵਲ ਨੂੰ ਤੁਰਿਆ ਹੈ। ਇਹ ਕਿਸਾਨ ਖੇਤੀ ਕਾਨੂੰਨਾਂ ਵਿਰੁਧ ਦਿੱਲੀ ਵਿਚ ਚੱਲ ਰਹੇ ਅੰਦੋਲਨ ਵਿੱਚ ਹਿੱਸਾ ਲੈਣ ਲਈ ਆ ਰਹੇ ਹਨ।
ਬਾਰਡਰਾਂ ਉਪਰ ਇਕ ਹੋਰ ਦਿਲਚਸਪ ਦ੍ਰਿਸ਼ ਦੇਖਣ ਨੂੰ ਮਿਲਿਆ। ਹਰਿਆਣਾ ਦੇ ਨੌਜਵਾਨ ਪਿੰਡਾਂ 'ਚੋਂ ਦੁੱਧ, ਲੱਸੀ, ਸਬਜ਼ੀਆਂ ਆਦਿ ਇਕੱਠਾ ਕਰ ਕੇ ਕਿਸਾਨਾਂ ਤਕ ਪਹੁੰਚਾ ਰਹੇ ਹਨ। ਸੇਵਾ ਨਿਭਾ ਰਹੇ ਨੌਜਵਾਨਾਂ ਨੇ ਦਸਿਆ ਕਿ ਉਨ੍ਹਾਂ ਨੂੰ ਵਿਦੇਸ਼ਾਂ ਤੋਂ ਵੀ ਮਦਦ ਮਿਲ ਰਹੀ ਹੈ ਤੇ ਉਹ ਉਨਾਂ ਸਮਾਂ ਕਿਸਾਨਾਂ ਦੀ ਸੇਵਾ ਕਰਦੇ ਰਹਿਣਗੇ, ਜਿੰਨਾ ਚਿਰ ਸਰਕਾਰimage
ਨੋਇਡਾ ਦੇ ਮੁੱਖ ਗੇਟ 'ਤੇ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਵਲੋਂ ਟਰੈਕਟਰਾਂ ਨਾਲ ਬੰਦ ਕੀਤਾ ਗਿਆ ਰਸਤਾ। (ਪੀ.ਟੀ.ਆਈ)
ਕਾਲੇ ਕਾਨੂੰਨਾਂ ਨੂੰ ਰੱਦ ਨਹੀਂ ਕਰ ਦਿੰਦੀ।