
ਪੰਜਾਬ ਵਿਚ ਕੋਵਿਡ ਵੈਕਸੀਨ ਦਾ ਪਹਿਲਾ ਟੀਕਾ ਮੈਂ ਲੁਆਵਾਂਗਾ : ਕੈਪਟਨ
ਚੰਡੀਗੜ੍ਹ, 2 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ) : ਭਾਰਤ ਵਿਚ ਕੋਵਿਡ ਵੈਕਸੀਨ ਦੀ ਵਰਤੋਂ ਸ਼ੁਰੂ ਹੋਣ ਦੇ ਅੰਤਮ ਪੜਾਅ ਉਤੇ ਪਹੁੰਚਣ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਐਲਾਨ ਕੀਤਾ ਕਿ ਭਾਰਤੀ ਮੈਡੀਕਲ ਖੋਜ ਕੌਂਸਲ (ਆਈ.ਸੀ.ਐਮ.ਆਰ.) ਦੀ ਇਕ ਵਾਰ ਪ੍ਰਵਾਨਗੀ ਮਿਲਣ 'ਤੇ ਪੰਜਾਬ ਵਿਚ ਵੈਕਸੀਨ ਦਾ ਪਹਿਲਾ ਟੀਕਾ ਉਹ ਲਵਾਉਣਗੇ।
ਮੁੱਖ ਮੰਤਰੀ ਨੇ ਇਹ ਐਲਾਨ ਵਰਚੁਅਲ ਕੈਬਨਿਟ ਮੀਟਿੰਗ ਦੌਰਾਨ ਕੀਤਾ ਜਿਸ ਵਿਚ ਪੰਜਾਬ 'ਚ ਕੋਵਿਡ ਦੀ ਸਥਿਤੀ ਅਤੇ ਵੈਕਸੀਨ ਲਈ ਸੂਬੇ ਦੀਆਂ ਤਿਆਰੀਆਂ ਬਾਰੇ ਵਿਚਾਰ-ਚਰਚਾ ਕੀਤੀ ਗਈ।
ਮੀਟਿੰਗ ਦੌਰਾਨ ਦਸਿਆ ਗਿਆ ਕਿ ਕਰੋਨਾ ਦੀ ਵੈਕਸੀਨ ਲਈ ਭਾਰਤ ਸਰਕਾਰ ਦੀ ਰਣਨੀਤੀ ਦੀ ਤਰਜ਼ ਉਤੇ ਪੰਜਾਬ ਨੇ ਸਿਹਤ ਕਾਮਿਆਂ, ਫ਼ਰੰਟਲਾਈਨ ਵਰਕਰਾਂ, ਵੱਡੀ ਉਮਰ ਦੀ ਵਸੋਂ (50 ਸਾਲ ਤੋਂ ਉਪਰ) ਅਤੇ ਹੋਰ ਬਿਮਾਰੀਆਂ ਨਾਲ ਪੀੜਤ ਲੋਕ (50 ਸਾਲ ਜਾਂ ਘੱਟ ਉਮਰ) ਨੂੰ ਤਰਜੀਹੀ ਵਰਗ ਵਿਚ ਸ਼ਾਮਲ ਕੀਤਾ ਹੈ। ਪੰਜਾਬ ਦੇ ਸਿਹਤ ਸਕੱਤਰ ਹੁਸਨ ਲਾਲ ਮੁਤਾਬਕ ਸੂਬੇ ਨੇ 1.25 ਲੱਖ ਸਰਕਾਰੀ ਅਤੇ ਪ੍ਰਾਈਵੇਟ ਸਿਹਤ ਕਾਮਿਆਂ ਦਾ ਡਾਟਾ ਤਿਆਰ ਕੀਤਾ ਹੈ ਜਿਨ੍ਹਾਂ ਨੂੰ ਪਹਿਲੇ ਪੜਾਅ ਵਿਚ ਵੈਕਸੀਨ ਲਾਈ ਜਾਣੀ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੀਆਂ ਵੈਕਸੀਨ ਲਈ ਮਿਥੀਆਂ ਤਰਜੀਹਾਂ ਦੇ ਹਿਸਾਬ ਨਾਲ ਸੂਬੇ ਦੀ ਲਗਪਗ 3 ਕਰੋੜ ਦੀ ਆਬਾਦੀ ਵਿਚੋਂ ਸੂਬੇ ਦੀ ਤਕਰੀਬਨ 23 ਫ਼ੀ ਸਦੀ ਵਸੋਂ (70 ਲੱਖ) ਇਸ ਦੇ ਘੇਰੇ ਵਿਚ ਆਉਂਦੀ ਹੈ।
rਬਾਕੀ ਸਫ਼ਾ 11 'ਤੇ
rਬਾਕੀ ਸਫ਼ਾ 11 'ਤੇ
ਵੈਕਸੀਨ ਦੀ ਸੁਚਾਰੂ ਢੰਗ ਨਾਲ ਵਰਤੋਂ ਨੂੰ ਯਕੀਨੀ ਬਣਾਉਣ ਲਈ ਸੂਬੇ ਦੀ ਸੰਚਾਲਨ ਕਮੇਟੀ, ਕੌਮੀ ਸੰਚਾਲਨ ਕਮੇਟੀ ਨਾਲ ਨੇੜਿਉਂ ਤਾਲਮੇਲ ਰੱਖ ਰਹੀ ਹੈ ਜਦਕਿ ਸੂਬਾਈ ਟਾਸਕ ਫ਼ੋਰਸ ਵਲੋਂ ਇਸ ਲਈ ਜ਼ਿਲ੍ਹਾ ਅਤੇ ਬਲਾਕ ਪੱਧਰ ਦੀਆਂ ਕਮੇਟੀਆਂ ਨਾਲ ਮਿਲ ਕੇ ਕੰਮ ਕੀਤਾ ਜਾਵੇਗਾ। ਵਿਸ਼ਵ ਸਿਹਤ ਸੰਸਥਾ, ਯੂ.ਐਨ.ਡੀ.ਪੀ. ਵਰਗੀਆਂ ਸੰਸਥਾਵਾਂ ਇਸ ਪ੍ਰਕ੍ਰਿਆ ਵਿਚ ਵਿਕਾਸਮੁਖੀ ਸਹਿਯੋਗੀਆਂ ਵਜੋਂ ਕੰਮ ਕਰ ਰਹੀਆਂ ਹਨ।
ਮੌਜੂਦਾ ਸਹੂਲਤਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਸੂਬੇ ਨੇ ਕੇਂਦਰ ਸਰਕਾਰ ਨੂੰ ਵੈਕਸੀਨ ਵੈਨਾਂ, ਫਰੀਜ਼ਰ, ਰੈਫ਼ਰੀਜ੍ਰੇਟਰ, ਕੋਲਡ ਬੌਕਸ, ਵੈਕਸੀਨ ਕਰੀਅਰ, ਆਈਸ ਪੈਕ, ਥਰਮੋਮੀਟਰ ਅਤੇ ਸਟੈਬਲਾਈਜ਼ਰ ਸਮੇਤ ਹੋਰ ਕੋਲਡ ਚੇਨ ਸਾਜ਼ੋ-ਸਾਮਾਨ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ।
ਪੰਜਾਬ ਕੈਬਨਿਟ ਨੇ ਮੁਹਾਲੀ ਵਿਖੇ ਐਮਿਟੀ ਯੂਨੀਵਰਸਟੀ ਕੈਂਪਸ ਸਥਾਪਤ ਕਰਨ ਨੂੰ ਦਿਤੀ ਮਨਜ਼ੂਰੀ : ਮੰਤਰੀ ਮੰਡਲ ਨੇ ਮੁਹਾਲੀ ਦੀ ਆਈ.ਟੀ.ਸਿਟੀ ਵਿਚ ਐਮਿਟੀ ਐਜੂਕੇਸ਼ਨ ਗਰੁੱਪ ਦੇ ਵਿਸ਼ਵ ਪਧਰੀ ਯੂਨੀਵਰਸਟੀ ਕੈਂਪਸ ਨੂੰ ਸਥਾਪਤ ਕਰਨ ਦੀ ਮਨਜ਼ੂਰੀ ਦੇ ਦਿਤੀ ਗਈ। ਇਸ ਦੇ ਨਾਲ ਹੀ ਇਸ ਖੇਤਰ ਦਾ ਪ੍ਰਮੁੱਖ ਸਿਖਿਆ ਧੁਰੇ ਵਜੋਂ ਵਿਕਸਿਤ ਹੋਣ ਲਈ ਰਾਹ ਪਧਰਾ ਹੋ ਗਿਆ।
ਇਹ ਫ਼ੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਵੀਡੀਉ ਕਾਨਫ਼ਰੰਸ ਰਾਹੀਂ ਹੋਈ ਕੈਬਨਿਟ ਮੀਟਿੰਗ ਵਿਚ ਲਿਆ ਗਿਆ।
ਪੰਜਾਬ ਵਜ਼ਾਰਤ ਨੇ 'ਦੀ ਐਮਿਟੀ ਯੂਨੀਵਰਸਟੀ ਆਰਡੀਨੈਂਸ, 2020' ਨੂੰ ਵੀ ਮਨਜ਼ੂਰੀ ਦੇ ਦਿਤੀ ਅਤੇ ਮੁੱਖ ਮੰਤਰੀ ਨੂੰ ਕਾਨੂੰਨੀ ਮਸ਼ੀਰ ਵਲੋਂ ਤਿਆਰ ਕੀਤੇ ਅੰਤਮ ਖਰੜੇ ਨੂੰ ਬਿਨਾਂ ਕੈਬਨਿਟ ਵਿਚ ਰੱਖੇ ਮਨਜ਼ੂਰ ਕਰਨ ਲਈ ਅਧਿਕਾਰਤ ਕਰ ਦਿੱਤਾ।
ਮੀਟਿੰਗ ਤੋਂ ਬਾਅਦ ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦਿਆ ਦਸਿਆ ਕਿ ਪੰਜ ਸਾਲਾਂ ਵਿੱਚ 664.32 ਕਰੋੜ ਰੁਪਏ ਦੇ ਨਿਵੇਸ਼ ਨਾਲ ਮੁਹਾਲੀ (ਐਸ.ਏ.ਐਸ. ਨਗਰ) ਦੀ ਪ੍ਰਮੁੱਖ ਜਗ੍ਹਾ ਉਤੇ 40 ਏਕੜ ਰਕਬੇ ਵਿਚ ਸੈਲਫ ਫਾਇਨਾਂਸਡ ਪ੍ਰਾਈਵੇਟ 'ਐਮਿਟੀ ਯੂਨੀਵਰਸਟੀ ਪੰਜਾਬ' ਦਾ ਸਥਾਪਤ ਹੋਣ ਵਾਲਾ ਅਤਿ-ਆਧੁਨਿਕ ਕੈਂਪਸ ਉਚ ਪਧਰੀ ਖੋਜ ਅਤੇ ਨਵੀਆਂ ਕਾਢਾਂ ਨੂੰ ਉਤਸ਼ਾਹਤ ਕਰੇਗਾ। ਇਹ ਯੂਨੀਵਰਸਟੀ ਅਗਲੇ ਅਕਾਦਮਿਕ ਸਾਲ ਤੋਂ ਸ਼ੁਰੂ ਹੋਵੇਗੀ ਜਿਸ ਦਾ ਪਹਿਲਾ ਸੈਸ਼ਨ ਜੂਨ-ਜੁਲਾਈ 2021 ਵਿਚ ਸ਼ੁਰੂ ਹੋਵੇਗਾ।
ਸਰਕਾਰੀ ਤੇ ਵਿਦਿਅਕ ਅਦਾਰਿਆਂ ਦੀਆਂ ਬਸਾਂ ਨੂੰ 31 ਦਸੰਬਰ ਤਕ ਮੋਟਰ ਵਹੀਕਲ ਟੈਕਸ 'ਚ 100 ਫ਼ੀ ਸਦੀ ਛੋਟ : ਕੈਬਨਿਟ ਨੇ ਕੋਵਿਡ ਮਹਾਂਮਾਰੀ ਦੇ ਦਰਮਿਆਨ ਸੂਬੇ ਦੀਆਂ ਸਰਕਾਰੀ ਬਸਾਂ ਅਤੇ ਵਿਦਿਅਕ ਅਦਾਰਿਆਂ ਸਕੂਲਾਂ/ਕਾਲਜਾਂ ਦੀਆਂ ਬਸਾਂ ਲਈ 31 ਦਸੰਬਰ, 2020 ਤਕ ਮੋਟਰ ਵਹੀਕਲ ਟੈਕਸ ਤੋਂ 100 ਫ਼ੀ ਸਦੀ ਦੀ ਛੋਟ ਨੂੰ ਮਨਜ਼ੂਰੀ ਦੇ ਦਿਤੀ ਹੈ। ਇਹ ਛੋਟ 23 ਮਾਰਚ ਤੋਂ ਲਾਗੂ ਹੋਵੇਗੀ। ਮੰਤਰੀ ਮੰਡਲ ਨੇ ਇਨ੍ਹਾਂ ਵਾਹਨਾਂ ਨੂੰ 19 ਮਈ, 2020 ਤਕ ਮੋਟਰ ਵਹੀਕਲ ਟੈਕਸ ਤੋਂ ਛੋਟ ਦੇਣ ਲਈ ਜੂਨ ਵਿਚ ਜਾਰੀ ਨੋਟੀਫ਼ੀਕੇਸ਼ਨ ਨੂੰ ਅੱਗੇ 20 ਮਈ ਤੋਂ 31 ਦਸੰਬਰ, 2020 ਤਕ ਹੋਰ ਵਾਧਾ ਕਰਨ ਲਈ ਕਾਰਜ ਬਾਅਦ ਮਨਜ਼ੂਰੀ ਦੇ ਦਿਤੀ।
ਮੰਤਰੀ ਮੰਡਲ ਨੇ ਮਾਫ਼ੀ ਯੋਜਨਾ ਨੂੰ ਵਧਾਏ ਜਾਣ ਅਤੇ ਬਿਨਾਂ ਵਿਆਜ ਅਤੇ ਜੁਰਮਾਨੇ ਤੋਂ ਟੈਕਸ ਦੇ ਬਕਾਏ ਦੀ ਅਦਾਇਗੀ 31 ਮਾਰਚ, 2021 ਤਕ ਮੁਲਤਵੀ ਕਰਨ ਨੂੰ ਵੀ ਮਨਜ਼ੂਰੀ ਦੇ ਦਿਤੀ ਹੈ।
ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦਸਿਆ ਕਿ ਮੰਤਰੀ ਮੰਡਲ ਨੇ 1 ਜੂਨ 2020 ਦੇ ਨੋਟੀਫ਼ੀਕੇਸ਼ਨ ਨੂੰ ਕਾਰਜ ਬਾਅਦ ਪ੍ਰਵਾਨਗੀ ਦੇ ਦਿਤੀ ਹੈ ਜਿਸ ਤਹਿਤ ਸਟੇਜ ਕੈਰਿਜ ਬਸਾਂ (ਸਾਧਾਰਨ ਬਸਾਂ) ਦੇ ਮੋਟਰ ਵਹੀਕਲ ਟੈਕਸ ਨੂੰ 2.80 ਰੁਪਏ ਤੋਂ 2.69 ਰੁਪਏ (ਪ੍ਰਤੀ ਕਿਲੋਮੀਟਰ, ਪ੍ਰਤੀ ਵਾਹਨ, ਪ੍ਰਤੀ ਦਿਨ) ਤਕ ਘਟਾ ਦਿਤਾ ਗਿਆ ਹੈ।
ਪੰਜਾਬ ਨਵੀਨਤਮ ਮਿਸ਼ਨ ਤੇ ਫੰਡ ਸਥਾਪਿਤ ਕਰਨ ਨੂੰ ਮਨਜ਼ੂਰੀ : ਸੂਬੇ ਵਿੱਚ ਸਟਾਰਟਅੱਪ ਪ੍ਰਣਾਲੀ ਨੂੰ ਉਤਸ਼ਾਹਤ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕੈਬਨਿਟ ਨੇ ਬੁਧਵਾਰ ਨੂੰ ਪੰਜਾਬ ਇਨੋਵੇਸ਼ਨ (ਨਵੀਨਤਸ) ਮਿਸ਼ਨ ਅਤੇ ਪੰਜਾਬ ਇਨੋਵੇਸ਼ਨ ਫ਼ੰਡ ਦੀ ਸਥਾਪਨਾ ਦਾ ਰਾਹ ਪਧਰਾ ਕਰ ਦਿਤਾ ਹੈ।
ਪੰਜਾਬ ਨਵੀਨਤਮ ਮਿਸ਼ਨ ਦੇ ਟੀਚੇ ਨੂੰ ਹਾਸਲ ਕਰਨ ਲਈ 150 ਕਰੋੜ ਰੁਪਏ ਦਾ ਇਕ ਪੰਜਾਬ ਨਵੀਨਤਮ ਫ਼ੰਡ ਸਥਾਪਤ ਕਰਨ ਦੀ ਤਜਵੀਜ਼ ਹੈ ਤਾਂ ਜੋ ਪੰਜਾਬ ਵਿਚ ਮੁੱਢਲੇ ਪੜਾਅ ਦੇ ਸਟਾਰਟਅੱਪਸ ਵਿਚ ਨਿਵੇਸ਼ ਕੀਤਾ ਜਾ ਸਕੇ। ਇਸ ਫ਼ੰਡ ਵਿਚ ਸਰਕਾਰੀ ਭਾਈਵਾਲੀ ਦੀ ਵੱਧ ਤੋਂ ਵੱਧ ਹੱਦ ਕੁੱਲ ਰਕਮ ਦੇ 10 ਫ਼ੀ ਸਦੀ ਭਾਵ 15 ਕਰੋੜ ਰੁਪਏ ਤਕ ਮਿਥੀ ਗਈ ਹੈ। ਇਸ ਫ਼ੰਡ ਦੀ ਸੰਭਾਲ ਇਕ ਐਸੇਟ ਮੈਨੇਜਮੈਂਟ ਕੰਪਨੀ ਦੁਆਰਾ ਕੀਤੀ ਜਾਵੇਗੀ ਜਿਸ ਵਿਚ ਆਲਮੀ ਪੱਧਰ ਦੇ ਨਿਵੇਸ਼ਕ ਸ਼ਾਮਲ ਹੋਣਗੇ। ਇਸ ਮਿਸ਼ਨ ਅਤੇ ਫ਼ੰਡ ਦੇ ਪਹਿਲੇ ਚੇਅਰਪਰਸਨ ਕਲਿਕਸ ਕੈਪਿਟਲ ਦੇ ਚੇਅਰਮੈਨ ਅਤੇ ਜੈਨਪੈਕਟ ਦੇ ਬਾਨੀ ਪ੍ਰਮੋਦ ਭਸੀਨ ਹਨ।
ਭਸੀਨ ਨੇ ਵਰਚੂਅਲ ਢੰਗ ਨਾਲ ਹੋਈ ਕੈਬਨਿਟ ਮੀਟਿੰਗ ਦੌਰਾਨ ਜਾਣਕਾਰੀ ਦਿਤੀ ਕਿ ਉਹ ਬਾਕੀ ਦੀ 135 ਕਰੋੜ ਰੁਪਏ ਦੀ ਰਕਮ ਪੰਜਾਬੀ ਵਪਾਰੀਆਂ ਅਤੇ ਨਿਵੇਸ਼ਕਾਂ ਤੋਂ ਇਲਾਵਾ ਵਿਦੇਸ਼ਾਂ ਵਿਚ ਵਸਦੇ ਲੋਕਾਂ ਅਤੇ ਸਰਕਾਰੀ ਤੇ ਨਿਜੀ ਵਿੱਤੀ ਸੰਸਥਾਵਾਂ ਪਾਸੋਂ ਜੁਟਾਉਣਗੇ।
ਸਰਕਾਰੀ ਬੁਲਾਰੇ ਨੇ ਕੈਬਨਿਟ ਮੀਟਿੰਗ ਮਗਰੋਂ ਦਸਿਆ ਕਿ ਪੰਜਾਬ ਇਨੋਵੇਸ਼ਨ ਮਿਸ਼ਨ ਸੂਬੇ ਵਿਚ ਨਿਵੇਸ਼ਕਾਂ, ਉਦਯੋਗ ਜਗਤ, ਸਰਕਾਰੀ, ਅਕਾਦਮਿਕ ਹਲਕਿਆਂ ਤੇ ਸਟਾਰਟਅੱਪਸ ਨਾਲ ਭਾਈਵਾਲੀ ਤੇ ਇਸ ਤੋਂ ਇਲਾਵਾ ਵੱਖੋ-ਵੱਖ ਇਨਕਿਊਬੇਟਰਾਂ ਅਤੇ ਐਕਸੈਲਰੇਟਰਾਂ ਦਰਮਿਆਨ ਸਾਂਝੇਦਾਰੀ ਯਕੀਨੀ ਬਣਾ ਕੇ, ਤਕਨੀਕ, ਨੀਤੀ ਅਤੇ ਪੂੰਜੀ ਦੀ ਮਦਦ ਨਾਲ ਉੱਦਮ ਪੱਖੀ ਇਕ ਨਿਵੇਕਲਾ ਮਾਹੌਲ ਸਿਰਜਣ ਵਿਚ ਅਹਿਮ ਰੋਲ ਨਿਭਾਏਗਾ।
ਪੰਜਾਬ ਇਨੋਵੇਸ਼ਨ ਮਿਸ਼ਨ ਦੇ ਦੋ ਅਹਿਮ ਥੰਮ੍ਹ ਪੌਲੀਨੇਟਰ (ਵਿਦੇਸ਼ਾਂ ਵਿੱਚ ਵੱਸਦੇ ਭਾਈਚਾਰਿਆਂ ਤੱਕ ਪਹੁੰਚ, ਚੁਣੌਤੀਆਂ/ਹੈਕਾਥੌਨ, ਇਨਕਿਊਬੇਟਰ ਟ੍ਰੇਨਿੰਗ ਜਿਸ ਵਿੱਚ ਸਾਰੇ ਸਬੰਧਿਤ ਪੱਖ ਅਤੇ ਇਨਕਿਊਬੇਟਰ ਇਕ ਦੂਜੇ ਨਾਲ ਜੁੜਣਗੇ) ਅਤੇ ਐਕਸੈਲਰੇਟਰ (ਸਟਾਰਟਅੱਪਸ ਸਬੰਧੀ ਅਗਵਾਈ ਅਤੇ ਇਨ੍ਹਾਂ ਨੂੰ ਗਤੀਸ਼ੀਲ ਬਣਾਉਣਾ) ਹੋਣਗੇ। ਹਾਲਾਂਕਿ, ਇਹ ਮਿਸ਼ਨ ਕਿਸੇ ਇਕ ਖੇਤਰ ਵੱਲ ਸਮੁੱਚਾ ਧਿਆਨ ਨਹੀਂ ਦੇਵੇਗਾ ਪਰ ਇਸ ਵੱਲੋਂ ਐਗਰੀਟੈਕ, ਫੂਡ ਪ੍ਰੋਸੈਸਿੰਗ, ਹੈਲਥਕੇਅਰ, ਫਾਰਮਾ, ਬਾਇਓਤਕਨਾਲੋਜੀ, ਲਾਈਫ ਸਾਇੰਸਿਜ਼, ਆਈ.ਟੀ./ਆਈ.ਟੀ.ਈ.ਐਸ., ਗੇਮਿੰਗ ਤੇ ਖੇਡਾਂ, ਕਲਾ ਤੇ ਮਨੋਰੰਜਨ ਵੱਲ ਖਾਸ ਧਿਆਨ ਕੇਂਦਰਿਤ ਕੀਤਾ ਜਾਵੇਗਾ।