
ਕਿਸਾਨ ਅੰਦੋਲਨ ਦੇ ਚਲਦੇ ਖੱਟਰ ਸਰਕਾਰ ਵੀ ਖ਼ਤਰੇ ਵਿਚ
ਜੇ.ਜੇ.ਪੀ. ਦੇ ਕਈ ਵਿਧਾਇਕ ਭੁਪਿੰਦਰ ਹੁੱਡਾ ਦੇ ਸੰਪਰਕ ਵਿਚ
ਚੰਡੀਗੜ੍ਹ, 2 ਦਸੰਬਰ (ਗੁਰਉਪਦੇਸ਼ ਭੁੱਲਰ): ਪੰਜਾਬ ਤੋਂ ਉਠ ਕੇ ਦੇਸ਼ ਦੇ ਕਈ ਹੋਰ ਰਾਜਾਂ ਵਿਚ ਫੈਲੇ ਜ਼ਬਰਦਸਤ ਕਿਸਾਨ ਅੰਦੋਲਨ ਕਾਰਨ ਸਿਆਸੀ ਸਮੀਕਰਨ ਤੇਜ਼ੀ ਨਾਲ ਬਦਲ ਰਹੇ ਹਨ। ਇਸ ਅੰਦੋਲਨ ਦੇ ਦਿੱਲੀ ਵਿਚ ਜੁੜੇ ਵਿਸ਼ਾਲ ਇਕੱਠ ਦੇ ਚਲਦੇ ਹੁਣ ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਵੀ ਖ਼ਤਰੇ ਵਿਚ ਦਿਖਾਈ ਦੇਣ ਲੱਗੀ।
ਸੁਤਰਾਂ ਦੀ ਮੰਨੀਏ ਤਾਂ ਇਸ ਸਮੇਂ ਹਰਿਆਣਾ ਕਾਂਗਰਸ ਵਿਧਾਇਕ ਦਲ ਦੇ ਨੇਤਾ ਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਹਰਿਆਣਾ ਦੇ ਉਪ ਮੁੱਖ ਮੰਤਰੀ ਤੇ ਜੇ.ਜੇ.ਪੀ. ਨੇਤਾ ਦੁਸ਼ਯੰਤ ਚੌਟਾਲਾ ਦੀ ਪਾਰਟੀ ਨਾਲ ਸਬੰਧਤ ਕਈ ਵਿਧਾਇਕਾਂ ਦੇ ਸੰਪਰਕ ਵਿਚ ਹਨ। ਦੂਜੇ ਪਾਸੇ ਹੁਣ ਕਿਸਾਨਾਂ ਦੇ ਅੰਦੋਲਨ ਦੇ ਹਰਿਆਣਾ ਵਿਚ ਜ਼ੋਰ ਫੜਨ
ਬਾਅਦ
ਦੁਸ਼ਯੰਤ ਚੌਟਾਲਾ ਦੇ ਰੁਖ ਵਿਚ ਵੀ ਅੰਦਰਖਾਤੇ ਦਿੱਲੀ ਐਕਸ਼ਨ ਬਾਅਦ ਤਬਦੀਲੀ ਦਿਖਾਈ ਦੇ ਰਹੀ ਹੈ। ਜੇ.ਜੇ.ਪੀ. ਦੇ ਸੀਨੀਅਰ ਨੇਤਾ ਦਿਗਵਿਜੇ ਚੌਟਾਲਾ ਨੇ ਅੱਜ ਬਿਆਨ ਜਾਰੀ ਕਰ ਕੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਪਾਰਟੀ ਸਵਰਗੀ ਚੌਧਰੀ ਦੇਵੀ ਲਾਲ ਦੇ ਸਿਧਾਂਤ ਕਦੇ ਨਹੀਂ ਛੱਡੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਕੇਂਦਰ ਸਰਕਾਰ ਦੀ ਚਲ ਰਹੀ ਮੀਟਿੰਗ 'ਤੇ ਪਾਰਟੀ ਦੀ ਪੂਰੀ ਨਜ਼ਰ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਸਾਰੇ ਸ਼ੰਕੇ ਛੇਤੀ ਦੂਰ ਹੋਣੇ ਚਾਹੀਦੇ ਹਨ ਅਤੇ ਇਹ ਅੰਦੋਲਨ ਨਿਰੋਲ ਕਿਸਾਨਾ ਦਾ ਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਕਿਸਾਨਾਂ ਦੇ ਹਿਤਾਂ ਦੀ ਸੁਰੱਖਿਆ ਚਾਹੁੰਦੀ ਹੈ। ਉਨ੍ਹਾਂ ਅੱਜ ਆਜ਼ਾਦ ਵਿਧਾਇਕ ਸੋਮਵੀਰ ਸਾਂਗਵਾਨ ਵਲੋਂ ਖੱਟਰ ਸਰਕਾਰ ਤੋਂ ਸਮਰਥਨ ਵਾਪਸ ਲਏ ਜਾਣ ਬਾਰੇ ਵੀ ਕਿਹਾ ਕਿ ਕਿਸਾਨਾਂ ਨਾਲ ਖੜਨਾ ਚੰਗੀ ਗੱਲ ਹੇ। ਇਸ ਤੋਂ ਸਪਸ਼ਟ ਹੈ ਕਿ ਕਿਸਾਨ ਮਸਲਾ ਹੱਲ ਨਾ ਹੋਣ 'ਤੇ ਜੇ.ਜੇ.ਪੀ. ਵੀ ਆਉਣ ਵਾਲੇ ਦਿਨਾਂ ਵਿਚ ਅਪਦਾ ਰੁੱਖ ਬਦਲ ਸਕਦੀ ਹੈ, ਜਦਕਿ ਇਸ ਪਾਰਟੀ ਦੇ ਸਹਾਰੇ ਹੀ ਖੱਟਰ ਸਰਕਾਰ ਖੜੀ ਹੈ। ਇਸ ਸਮੇਂ ਭਾਜਪਾ ਕੋਲ 90 ਮੈਂਬਰੀ ਹਾਊਸ ਵਿਚ 40 ਵਿਧਾਇਕ ਹਨ। 10 ਵਿਧਾਇਕ ਸਹਿਯੋਗੀ ਪਾਰਟੀ ਜੇ.ਜੇ.ਪੀ. ਦੇ ਹਨ। ਕਾਂਗਰਸ ਕੋਲ 31 ਵਿਧਾਇਕ ਹਨ। 9 ਆਜ਼ਾਦ ਵਿਧਾਇਕ ਹਨ। ਆਜ਼ਾਦ ਵਿਧਾਇਕਾ ਦੇ ਇਧਰ ਉਧਰ ਹੋਣ ਤੇ ਖੱਟਰ ਸਰਕਾਰ ਡਿੱਗ ਸਕਦੀ ਹੈ ਜਦਕਿ 2 ਆਜ਼ਾਦ ਵਿਧਾਇਕ ਬਲਰਾਜ ਕੁੰਡੂ ਤੇ ਸਾਂਗਵਾਨ ਪਹਿਲਾਂ ਹੀ ਖੱਟਰ ਤੋਂ ਪਾਸੇ ਹੋ ਚੁੱਕੇ ਹਨ।
image