
ਭਾਜਪਾ ਵਿਚ ਸ਼ਾਮਲ ਹੋ ਕੇ ਸਿਰਸਾ ਨੇ ਕਿਸਾਨਾਂ ਦੇ ਨਾਲ-ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਵੀ ਸੱਟ ਮਾਰੀ : ਧਾਮੀ
ਅੰਮ੍ਰਿਤਸਰ, 2 ਦਸੰਬਰ (ਬਹੋੜੂ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ. ਮਨਜਿੰਦਰ ਸਿੰਘ ਸਿਰਸਾ ਵਲੋਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਭਾਜਪਾ ’ਚ ਸ਼ਾਮਲ ਹੋਣ ਨੂੰ ਮੰਦਭਾਗਾ ਕਰਾਰ ਦਿੰਦਿਆਂ ਸ. ਸਿਰਸਾ ਦੇ ਇਸ ਕਦਮ ਦੀ ਆਲੋਚਨਾ ਕੀਤੀ ਹੈ। ਦਿੱਲੀ ਦੀਆਂ ਸਿੱਖ ਸੰਗਤਾਂ ਨੇ ਸ. ਸਿਰਸਾ ਨੂੰ ਵੱਡਾ ਮਾਣ ਬਖ਼ਸ਼ਿਆ ਅਤੇ ਪਾਰਟੀ ਨੇ ਉਨ੍ਹਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਪ੍ਰਧਾਨ ਬਣਾਇਆ।
ਇਸ ਵਾਰ ਦੀਆਂ ਚੋਣਾਂ ਵਿਚ ਭਾਵੇਂ ਸ. ਸਿਰਸਾ ਚੋਣ ਹਾਰ ਗਏ ਸਨ, ਪਰ ਫਿਰ ਵੀ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਗੁਰਦੁਆਰਾ ਕਮੇਟੀ ਲਈ ਮੈਂਬਰ ਦੇ ਤੌਰ ’ਤੇ ਨਾਮਜ਼ਦ ਕਰਨ ਲਈ ਉਨ੍ਹਾਂ ਦਾ ਨਾਂ ਭੇਜਿਆ। ਸਿਰਸਾ ਦੇ ਇਸ ਕਦਮ ਨਾਲ ਸਿੱਖ ਸੰਗਤਾਂ ਅੰਦਰ ਰੋਸ ਹੈ। ਭਾਜਪਾ ਵਲੋਂ ਲਿਆਂਦੇ ਗਏ ਤਿੰਨ ਕਾਲੇ ਕਾਨੂੰਨਾਂ ਕਾਰਨ ਕਿਸਾਨਾਂ ਨੂੰ ਕਰੀਬ ਇਕ ਸਾਲ ਤੋਂ ਸੜਕਾਂ ’ਤੇ ਬੈਠਣਾ ਪਿਆ ਜਿਸ ਦੌਰਾਨ 700 ਤੋਂ ਵੱਧ ਕਿਸਾਨਾਂ ਦੀਆਂ ਜਾਨਾਂ ਵੀ ਗਈਆਂ। ਅਜਿਹੀ ਪਾਰਟੀ ਵਿਚ ਸ਼ਾਮਲ ਹੋ ਕੇ ਸ. ਸਿਰਸਾ ਨੇ ਕਿਸਾਨਾਂ ਦੇ ਨਾਲ-ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਵੀ ਸੱਟ ਮਾਰੀ ਹੈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ. ਸਿਰਸਾ ਨੂੰ ਕਿਹਾ ਕਿ ਉਹ ਅਪਣੀ ਗ਼ਲਤੀ ਨੂੰ ਸੁਧਾਰਦੇ ਹੋਏ ਭਾਜਪਾ ਨੂੰ ਤੁਰਤ ਅਲਵਿਦਾ ਕਹਿ ਕੇ ਵਾਪਸ ਅਪਣੀ ਪਾਰਟੀ ਵਿਚ ਆਉਣ।