
ਸਪੋਕਸਮੈਨ ਨੇ ਜਿੰਨੀਆਂ ਸਿਆਸੀ ਹਨੇ੍ਹਰੀਆਂ ਦਾ ਸਾਹਮਣਾ ਕੀਤੈ, ਉਨਾ ਕਿਸੇ ਹੋਰ ਪੰਜਾਬੀ ਅਖ਼ਬਾਰ ਨੇ ਨਹੀਂ ਕੀਤਾ : ਜਰਮਨੀ
ਲੁਧਿਆਣਾ, 2 ਦਸੰਬਰ (ਲਖਵੀਰ ਸਿੰਘ ਧਾਂਦਰਾ) : ਰੋਜ਼ਾਨਾ ਸਪੋਕਸਮੈਨ ਪੰਜਾਬੀਆਂ ਦੀ ਪਹਿਲੀ ਪਸੰਦ ਵਾਲਾ ਪੰਜਾਬੀ ਅਖ਼ਬਾਰ ਹੈ ਜਿਸ ਨੂੰ 17ਵੇਂ ਵਰ੍ਹੇ ਵਿਚ ਦਾਖ਼ਲ ਹੋਣ ’ਤੇ ਮੇਰੇ ਅਤੇ ਮੇਰੇ ਹੋਰ ਅਣਗਿਣਤ ਪੰਜਾਬੀ ਐਨ.ਆਰ.ਆਈ ਵੀਰਾਂ ਵਲੋਂ ਬਹੁਤ ਬਹੁਤ ਵਧਾਈਆਂ ਹਨ ਕਿਉਂਕਿ ਇਸ ਅਖ਼ਬਾਰ ਨੇ ਪਾਠਕਾਂ ਵਿਚ ਨਵੇਂ ਤਰ੍ਹਾਂ ਦੇ ਦਿਸਹੱਦੇ ਸਿਰਜੇ ਹਨ ਤੇ ਉਨ੍ਹਾਂ ਦੀ ਖੁੰਢੀ ਅਤੇ ਬੁੱਢੀ ਹੁੰਦੀ ਜਾ ਰਹੀ ਸੋਚ ਨੂੰ ਸਾਣ ’ਤੇ ਲਾ ਕੇ ਵਧੇਰੇ ਤਿੱਖਾ ਅਤੇ ਵਧੇਰੇ ਤਰਕਸ਼ੀਲ ਬਣਾਇਆ ਹੈ।
ਸਪੋਕਸਮੈਨ ਅਖ਼ਬਾਰ ਦੇ ਲੁਧਿਆਣਾ ਦਫ਼ਤਰ ਵਿਚ ਅਖ਼ਬਾਰ ਦੇ ਪ੍ਰਤੀਨਿਧ ਲਖਵੀਰ ਸਿੰਘ ਧਾਂਦਰਾ ਨਾਲ ਗੱਲਬਾਤ ਕਰਦਿਆਂ ਇਹ ਵਿਚਾਰ ਲੁਧਿਆਣਾ ਜ਼ਿਲੇ੍ਹ ਦੇ ਪ੍ਰਸਿੱਧ ਪਿੰਡ ਕੋਟ ਗੰਗੂਰਾਏ ਦੇ ਵਸਨੀਕ, ਉੱਚਾ ਦਰ ਬਾਬਾ ਨਾਨਕ ਦੇ ਟਰੱਸਟੀ ਅਤੇ ਜਰਮਨੀ ਵਸਦੇ ਪੰਜਾਬੀ ਐਨ.ਆਰ.ਆਈ ਸ. ਜਗਜੀਤ ਸਿੰਘ ਜਰਮਨੀ ਨੇ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸਪੋਕਸਮੈਨ ਜੁੱਗੋ ਜੁੱਗ ਵਸਦਾ ਰਸਦਾ ਰਹੇ ਇਹ ਸਾਡੀ ਦਿਲੀ ਦੁਆ ਹੈ ਕਿਉਂਕਿ ਇਸ ਅਖ਼ਬਾਰ ਨੇ ਜਿੰਨੀਆਂ ਸਿਆਸੀ ਹਨੇਰੀਆਂ ਅਤੇ ਰਾਜਨੀਤਕ ਝੱਖੜਾਂ ਦਾ ਸਾਹਮਣਾ ਕੀਤਾ ਹੈ ਉਨਾ ਕਿਸੇ ਹੋਰ ਪੰਜਾਬੀ ਅਖ਼ਬਾਰ ਨੇ ਨਹੀਂ ਕੀਤਾ। ਉਨ੍ਹਾਂ ਬੀਬੀ ਨਿਮਰਤ ਕੌਰ ਦੀ ਕਲਮ ਦੀ ਕਰਾਮਾਤ ਦੀ ਵੀ ਉਚੇਚੇ ਤੌਰ ’ਤੇ ਸਿਫ਼ਤ ਕੀਤੀ ਹੈ।